ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 28 ਫਰਵਰੀ
ਪੰਜਾਬ ਨੰਬਰਦਾਰਾ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਇਥੋਂ ਦੇ ਗੁਰਦੁਆਰਾ ਸੱਚਖਡ ਸਾਹਿਬ ਵਿੱਚ ਜਥੇਬੰਦੀ ਦੀ ਹੋਈ ਇਕ ਮੀਟਿੰਗ ਵਿਚ ਸੂਬਾ ਸਕੱਤਰ ਰਣ ਸਿੰਘ ਮਹਿਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕਰਨ, ਸ਼ਿਕਾਇਤ ਨਿਵਾਰਨ ਕਮੇਟੀਆਂ ਵਿਚ ਨੁਮਾਇੰਦਗੀ ਦੇਣੀ, ਹਰਿਆਣਾ ਦੀ ਤਰਜ਼ ’ਤੇ ਮਾਣ ਭੱਤੇ ਵਰਗੀਆਂ ਮੰਗਾਂ ਚਿਰਾਂ ਤੋਂ ਕੀਤੀਆਂ ਜਾ ਰਹੀਆਂ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਨੀਫਸਟੋ ਰਾਹੀਂ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਮੌਕੇ ਨੰਬਰਦਾਰਾ ਯੂਨੀਅਨ ਦੇ ਦੋ ਧੜਿਆਂ ਦੀ ਇਕੱਤਰਤਾ ਤੋਂ ਬਾਅਦ ਤਹਿਸੀਲ ਪੱਧਰੀ ਚੋਣ ਵੀ ਹੋਈ। ਸੁੂਬਾਈ ਜਨਰਲ ਸਕੱਤਰ ਰਣ ਸਿੰਘ ਮਹਿਲ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ, ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਸਰਪ੍ਰਸਤ ਭਗਵਾਨ ਸਿੰਘ ਜਖੇਪਲ, ਪ੍ਰਧਾਨ ਸਮਸ਼ੇਰ ਸਿੰਘ ਛਾਜਲੀ, ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਉਗਰਾਹਾਂ, ਮੀਤ ਪ੍ਰਧਾਨ ਗੁਰਮੇਲ ਸਿੰਘ ਮੌੜਾਂ, ਖਜ਼ਾਨਚੀ ਅਮਰਜੀਤ ਸਿੰਘ ਛਾਹੜ ਨੂੰ ਚੁਣਿਆ ਗਿਆ।