ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 22 ਅਪਰੈਲ
ਨਗਰ ਕੌਂਸਲ ਮਾਲੇਰਕੋਟਲਾ ਦੀ ਨਵੀਂ ਚੁਣੀ ਗਈ ਪ੍ਰਧਾਨ ਨਸਰੀਨ ਅਸ਼ਰਫ ਨੇ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ। ਨਸਰੀਨ ਅਸ਼ਰਫ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਲਈ ਕਰਵਾਏ ਸਮਾਗਮ ਮੌਕੇ ਜਿੱਥੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ. ਦਰਬਾਰਾ ਸਿੰਘ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਮੌਜੂਦ ਸਨ, ਉੱਥੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਫੌਜੀ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਾਮ ਹੁਸੈਨ, ਪੰਜਾਬ ਵਕਫ਼ ਬੋਰਡ ਦੇ ਮੈਂਬਰ ਸੇਖ਼ ਸਜ਼ਾਦ ਹੁਸੈਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਚੌਧਰੀ ਮੁਹੰਮਦ ਬਸ਼ੀਰ, ਬਲਾਕ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਪਰੂਥੀ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਸੰਗਰੂਰ ਦੇ ਮੈਂਬਰ ਕਾਮਰੇਡ ਸੁਲੇਮਾਨ ਜੋਸ਼, ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਇਕਬਾਲ ਲਾਲਾ, ਹੱਜ ਕਮੇਟੀ ਪੰਜਾਬ ਦੇ ਸਾਬਕਾ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ, ਅਕਰਮ ਲਬਿੜਾ, ਮੁਹੰਮਦ ਸ਼ਬੀਰ, ਮੁਹੰਮਦ ਇਕਬਾਲ ਲਾਲੀ, ਮੁਹੰਮਦ ਨਜ਼ੀਰ, ਬਲਵਿੰਦਰ ਸਿੰਘ ਕਿਲਾ, ਅਜੇ ਕੁਮਾਰ ਅੱਜੂ, ਸਚਿਨ ਕੁਮਾਰ, ਅਕਰਮ ਬੱਗੂ, ਅਬਦੁਲ ਰਹਿਮਾਨ ਪੱਪਾ, ਨੌਸ਼ਾਦ ਅਨਵਰ, ਅਜੇ ਮੁਨਸ਼ੀ ( ਸਾਰੇ ਕੌਂਸਲਰ), ਬੇਅੰਤ ਕਿੰਗਰ, ਮੁਹੰਮਦ ਜਮੀਲ ਵਕੀਲ ਬ੍ਰਦਰਜ, ਭੋਲਾ ਖਾਂ ਕਿਲਾ, ਮੁਹੰਮਦ ਇਕਬਾਲ ਪੱਪੂ ਕਿਲਾ ਅਤੇ ਸਾਰੇ ਕਾਂਗਰਸੀ ਵਾਰਡ ਇੰਚਾਰਜ ਹਾਜ਼ਰ ਸਨ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਨੇ ਨਸਰੀਨ ਤੇ ਉਨ੍ਹਾਂ ਦੇ ਪਤੀ ਅਸ਼ਰਫ ਅਬਦੁੱਲਾ ਨੂੰ ਹਾਰ ਪਹਿਨਾ ਕੇ ਨਵੇਂ ਅਹੁਦੇ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮਗਰੋਂ ਨਸਰੀਨ ਨੇ ਭਰੋਸਾ ਦਿੱਤਾ ਕਿ ਉਹ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।
ਧੂਰੀ (ਨਿੱਜੀ ਪੱਤਰ ਪ੍ਰੇਰਕ) ਨਗਰ ਕੌਂਸਲ ਧੂਰੀ ਦੇ ਦਫ਼ਤਰ ਵਿੱਚ ਅੱਜ ਪੁਸ਼ਪਾ ਰਾਣੀ ਤਾਇਲ ਨੇ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸ਼ਿਰਕਤ ਕਰਕੇ ਨਵੀਂ ਬਣੀ ਪ੍ਰਧਾਨ ਪੁਸ਼ਪਾ ਰਾਣੀ ਸਮੇਤ ਸਮੁੱਚੇ ਕੌਂਸਲਰਾਂ ਨੂੰ ਵਧਾਈ ਦਿੱਤੀ। ਵਿਧਾਇਕ ਗੋਲਡੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਵ ਨਿਯੁਕਤ ਪ੍ਰਧਾਨ ਪੁਸ਼ਪਾ ਰਾਣੀ ਨੇ ਕਿਹਾ ਕਿ ਉਹ ਸਮੁੱਚੇ ਕੌਂਸਲਰਾਂ ਨੂੰ ਨਾਲ ਲੈ ਕੇ ਵਿਧਾਇਕ ਗੋਲਡੀ ਖੰਗੂੜਾ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਤੱਤਪਰ ਰਹਿਣਗੇ। ਇਸ ਮੌਕੇ ਸੁਰੇਸ਼ ਬਾਂਸਲ, ਰਾਜੀਵ ਚੌਧਰੀ, ਕਾਰਜ ਸਾਧਕ ਅਫਸਰ, ਸੁਰਿੰਦਰ ਗੋਇਲ, ਅਸ਼ਵਨੀ ਧ.ਰ, ਅਨੂ ਧੀਰ ਸਮੇਤ ਵੱਖ-ਵੱਖ ਕੌਸਲਰ ਆਦਿ ਹਾਜ਼ਰ ਸਨ।
ਰਣਵੀਰ ਯਾਦਵ ਨੇ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਨਗਰ ਕੌਂਸਲ ਪਾਤੜਾਂ ਦੇ ਨਵ-ਨਿਯੁਕਤ ਪ੍ਰਧਾਨ ਰਣਵੀਰ ਸਿੰਘ ਯਾਦਵ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਨਗਰ ਕੌਂਸਲ ਦਫ਼ਤਰ ਪਾਤੜਾਂ ਵਿੱਚ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਸੀਨੀਅਰ ਕਾਂਗਰਸੀ ਆਗੂ ਪ੍ਰੇਮ ਚੰਦ ਗੁਪਤਾ ਤੇ ਤਰਸੇਮ ਚੰਦ ਬਾਂਸਲ ਦੀ ਹਾਜ਼ਰੀ ’ਚ ਅਹੁਦਾ ਸੰਭਾਲਿਆ। ਨਵ ਨਿਯੁਕਤ ਪ੍ਰਧਾਨ ਯਾਦਵ ਨੂੰ ਅਹੁਦਾ ਸੰਭਾਉਣ ਦੀ ਰਸਮ ਨਗਰ ਕੌਂਸਲ ਦੀ ਕਾਰਜ ਸਾਧਕ ਅਫਸਰ ਬਲਜਿੰਦਰ ਕੌਰ ਨੇ ਨਿਭਾਈ। ਕੁਝ ਦਿਨ ਪਹਿਲਾਂ ਸਰਬਸੰਮਤੀ ਨਾਲ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਬਣੇ ਰਣਵੀਰ ਸਿੰਘ ਵੱਲੋਂ ਪ੍ਰਧਾਨ ਦਾ ਅਹੁਦਾ ਸੰਭਾਲੇ ਜਾਣ ਨੂੰ ਲੈ ਕੇ ਸ਼ਹਿਰ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਹੁਦਾ ਸੰਭਾਲਣ ਉਪਰੰਤ ਪ੍ਰਧਾਨ ਰਣਵੀਰ ਸਿੰਘ ਨੇ ਕਿਹਾ ਆਪਣੀ ਨੌਕਰੀ ਦੌਰਾਨ ਪਾਵਰਕੌਮ ’ਚ ਲੰਬਾ ਸਮਾਂ ਸ਼ਹਿਰ ਵਿੱਚ ਸੇਵਾ ਕਰਨ ਉਪਰੰਤ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਤੇ ਫਿਰ ਨਗਰ ਕੌਂਸਲ ਪਾਤੜਾਂ ਦਾ ਪ੍ਰਧਾਨ ਬਣਾ ਕੇ ਜੋ ਮਾਣ ਸ਼ਹਿਰ ਵਾਸੀਆਂ ਨੇ ਦਿੱਤਾ ਹੈ ਉਸਨੂੰ ਉਹ ਕਦੇ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਉਹ ਕੋਈ ਰਾਜਨੀਤਕ ਵਿਅਕਤੀ ਨਹੀਂ ਸਗੋਂ ਸਮਾਜ ਸੇਵਾ ਨੂੰ ਪਹਿਲ ਦਿੰਦੇ ਰਹੇ ਹਨ ਇਸ ਲਈ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸ਼ਹਿਰ ’ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਆਪਣੇ ਸਾਥੀ ਕੌਂਲਰਾਂ ਦੀ ਮਦਦ ਨਾਲ਼ ਮੁਕੰਮਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਪ੍ਰੇਮ ਚੰਦ ਗੁਪਤਾ ਨੇ ਕਿਹਾ ਹੈ ਕਿ ਨਗਰ ਕੌਂਸਲ ਦੀ ਪੂਰੀ ਟੀਮ ਇਮਾਨਦਾਰੀ ਮੇਹਨਤ ਨਾਲ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।