ਮੁਕੰਦ ਸਿੰਘ ਚੀਮਾ
ਸੰਦੌੜ, 27 ਅਕਤੂਬਰ
ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਕਾਲਜਾਂ ਦੇ ਅੰਤਰ ਕਾਲਜ ਨੈਸ਼ਨਲ ਸਟਾਈਲ ਕਬੱਡੀ ਦੇ ਤਿੰਨ ਦਿਨਾ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਆਗਾਜ਼ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਸ਼ੁਰੂ ਹੋਏ ਖੇਡ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਤਿੰਨ ਦਰਜਨ ਤੋਂ ਜ਼ਿਆਦਾ ਕਾਲਜਾਂ ਦੇ ਖਿਡਾਰੀ ਭਾਗ ਲੈਣਗੇ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਰਸਮੀ ਤੌਰ ’ਤੇ ਖੇਡਾਂ ਦੀ ਸ਼ੁਰੂਆਤ ਕਰਵਾਈ। ਪ੍ਰਿੰਸੀਪਲ ਪ੍ਰੋ. ਰਾਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸਤਵੰਤ ਸਿੰਘ ਨੇ ਕਾਲਜ ਦੀ ਪ੍ਰਮੁੱਖ ਮੰਗਾਂ ਸਬੰਧੀ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੂੰ ਜਾਣੂ ਕਰਵਾਇਆ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਹਸਦਾ ਵਸਦਾ ਅਤੇ ਖੇਡਦਾ ਪੰਜਾਬ ਮੁੜ ਤੋਂ ਬਣਾਇਆ ਜਾਵੇੇ। ਉਨ੍ਹਾਂ ਕਾਲਜ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਲਜ ਦੀ ਬਿਹਤਰੀ ਅਤੇ ਕਾਲਜ ਦੀਆਂ ਮੰਗਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਰੱਖਣਗੇ।