ਪੱਤਰ ਪ੍ਰੇਰਕ
ਚੀਮਾ ਮੰਡੀ, 17 ਨਵੰਬਰ
ਪਿੰਡ ਸਤੌਜ ਦੇ ਜੰਮਪਲ ਨਾਵਲਕਾਰ ਪਰਗਟ ਸਿੰਘ ਸਤੌਜ ਦੇ ਨਾਵਲ ‘ਨਾਚਫ਼ਰੋਸ਼’ ਅਤੇ ‘ਤੀਵੀਆਂ’ ਦੇ ਨਵੇਂ ਐਡੀਸ਼ਨ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਕਵੀ ਸੁਖਵਿੰਦਰ ਨੇ ਕਿਹਾ ਕਿ ਪਰਗਟ ਸਿੰਘ ਸਤੌਜ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਪਾਠਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਆਰਕੈਸਟਰਾ ਲਾਈਨ ਉੱਪਰ ਅਧਾਰਿਤ ਨਾਵਲ 2018 ਵਿੱਚ ਛਪਿਆ ਸੀ ਤੇ ਹੁਣ ਉਸ ਦਾ ਤੀਸਰਾ ਐਡੀਸ਼ਨ ਛਪ ਜਾਣਾ ਪੰਜਾਬੀ ਸਾਹਿਤ ਲਈ ਸ਼ੁਭ ਸ਼ਗਨ ਹੈ। ਇਹ ਨਾਵਲ ਵਿਆਹਾਂ ਵਿੱਚ ਨੱਚਣ ਵਾਲੀਆਂ ਕੁੜੀਆਂ ਦੀ ਤਰਾਸਦੀ ਨੂੰ ਦਰਸਾਉਂਦਾ ਹੈ ਕਿ ਚਮਕ-ਦਮਕ ਵਾਲੇ ਇਸ ਕਿੱਤੇ ਦੀ ਪਰਦੇ ਪਿਛਲੀ ਸਚਾਈ ਕੀ ਹੈ। ਸ੍ਰੀ ਸਤੌਜ ਨੇ ਦੱਸਿਆ ਕਿ ‘ਤੀਵੀਆਂ’ ਨਾਵਲ ਦੀਆਂ ਹੁਣ ਤੱਕ 6500 ਕਾਪੀਆਂ ਛਪ ਚੁੱਕੀਆਂ ਹਨ ਤੇ ਉਹ ਅੱਗੇ ਵੀ ਪਾਠਕਾਂ ਦੀ ਉਮੀਦ ’ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਗੇ। ਇਸ ਤੋਂ ਇਲਾਵਾ ਕਵਿਤਰੀ ਅਰਵਿੰਦਰ ਕੌਰ ਅਤੇ ਅੰਮ੍ਰਿਤਪਾਲ ਨੇ ਵੀ ਨਾਵਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।