ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 22 ਫਰਵਰੀ
ਸਥਾਨਕ ਸ਼ਹਿਰ ਦੀਆਂ ਨਵੀਆਂ ਚੁਣੀਆਂ ਮਹਿਲਾ ਕੌਂਸਲਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਨੂੰ ਭਰਵਾਂ ਹੁੰਗਾਰਾਂ ਦਿੰਦਿਆਂ ਇਸ ਵਾਰ ਕੌਮਾਂਤਰੀ ਮਹਿਲਾ ਦਿਵਸ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰਾਂ ’ਤੇ ਮਨਾ ਕੇ ਤਿੰਨੋਂ ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀਆਂ ਸਮਰਥਕਾਂ ਜੋ ਦਿੱਲੀ ਬਾਰਡਰ ਨਹੀਂ ਜਾ ਸਕਣਗੀਆਂ ਉਹ ਲਹਿਰਾ ਟੌਲ ਪਲਾਜ਼ਾ ਅਤੇ ਕਿਲਾ ਰਾਏਪੁਰ ਖੁਸ਼ਕ ਬੰਦਰਗਾਹ ’ਤੇ ਜਾ ਕੇ ਮਹਿਲਾ ਦਿਵਸ ਮਨਾਉਣਗੀਆਂ। ਵਾਰਡ ਨੰਬਰ-5 ਦੀ ਕੌਂਸਲਰ ਜਸਵਿੰਦਰ ਕੌਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2021 ਦੇ ਕੌਮਾਂਤਰੀ ਮਹਿਲਾ ਦਿਵਸ ਦੇ ਥੀਮ ਚੂਜ਼ ਟੂ ਚੈਲੰਜ ਨੂੰ ਐਕਸ਼ਨ ਵਿੱਚ ਬਦਲਣ ਲਈ ਸਿੰਘੂ ਅਤੇ ਟਿਕਰੀ ਬਾਰਡਰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਇਹ ਚੁਣੌਤੀ ਦੇਣ ਦਾ ਫੈਸਲਾ ਲਿਆ ਹੈ ਕਿ ਜੇ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹੇ। ਦੁਧ ਉਤਪਾਦਾਂ ਦੀ ਇੱਕ ਫਰਮ ਦੀ ਪਾਰਟਨਰ ਜਸਵਿੰਦਰ ਸ਼ਰਮਾ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਕਿਸਾਨਾਂ ਦੇ ਨਾਲ ਬਾਕੀ ਮੱਧਵਰਗੀ ਪਰਿਵਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਕੌਂਸਲਰ ਗੀਤਾ ਸ਼ਾਹੀ ਨੇ ਕਿਹਾ ਕਿ ਉਹ ਬੇਰੁਜ਼ਗਾਰੀ ਵਰਗੇ ਮੁੱਦਿਆਂ ਦੀ ਵੀ ਗੱਲ ਕਰਨਗੀਆਂ।