ਬੀਰਬਲ ਰਿਸ਼ੀ
ਸ਼ੇਰਪੁਰ, 19 ਜੂਨ
ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਨਾਲ ਵਿਸ਼ੇਸ਼ ਪਛਾਣ ਬਣਾ ਚੁੱਕਿਆ ਅਦਾਕਾਰ ਸਰਦਾਰ ਸੋਹੀ ਅੱਜ-ਕੱਲ੍ਹ ਆਪਣੇ ਪਿੰਡ ਟਿੱਬਾ ਵਿੱਚ ਆਪਣੀ ਜ਼ਮੀਨ ਵਿੱਚ ਛੋਟੇ ਭਰਾ ਨਾਲ ਝੋਨਾ ਲਗਾਉਣ ਲਈ ਖੁਦ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ ਹੋਇਆ ਹੈ।
ਇਸ ਅਦਾਕਾਰ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਤੀ ਮੰਡੀਕਰਨ ਬਾਰੇ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਤੇ ਕਿਸਾਨੀ ਦੀ ਦਿਨੋਂ-ਦਿਨ ਪੇਤਲੀ ਹੁੰਦੀ ਜਾ ਰਹੀ ਰਹੀ ਹਾਲਤ ’ਤੇ ਬਹੁਤ ਝੋਰਾ ਹੈ। ਆਪਣੇ ਖੇਤਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁਦ ਝੋਨਾ ਲਗਵਾ ਰਹੇ ਸਰਦਾਰ ਸੋਹੀ ਦਾ ਕਹਿਣਾ ਹੈ ਕਿ ਆਪਣੇ ਖੇਤਾਂ ਵਿੱਚ ਖੁਦ ਜ਼ੀਰੀ ਲਗਾਉਣੀ ਕੋਈ ਹੈਰਾਨੀਜਨਕ ਗੱਲ ਨਹੀਂ ਕਿਉਂਕਿ ਖੇਤੀਬਾੜੀ ਉਸ ਦਾ ਪਿਤਾ ਪੁਰਖੀ ਕਿੱਤਾ ਹੈ ਜਿਸ ਨਾਲ ਫ਼ਿਲਮਾਂ ਵਿੱਚ ਸਥਾਪਿਤ ਹੋਣ ਦੇ ਬਾਵਜੂਦ ਖੇਤੀ ਨਾਲ ਉਸ ਦਾ ਰਿਸ਼ਤਾ ਹਮੇਸ਼ਾਂ ਹੀ ਨਹੁੰ-ਮਾਸ ਵਾਲਾ ਰਿਹਾ ਹੈ। ਸੋਹੀ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਹਨ ਦੇ ਉਸ ਦਾ ਛੋਟਾ ਭਰਾ ਖੇਤੀ ਕਰਦਾ ਹੈ। ਇਸ ਵਾਰ ਕਰੋਨਾਵਾਇਰਸ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ ਅਤੇ ਮੰਦੀ ਦੀ ਮਾਰ ਦੇ ਚਲਦਿਆਂ ਝੋਨੇ ਦੀ ਲਵਾਈ ਦੇ ਰੇਟ ਕਾਫ਼ੀ ਮਹਿੰਗੇ ਹੋਣ ਕਾਰਨ ਉਨ੍ਹਾਂ ਖੁਦ ਖੇਤਾਂ ’ਚ ਆ ਕੇ ਆਪਣੇ ਭਰਾ ਦੀ ਇਮਦਾਦ ਕਰਨ ਦਾ ਫੈਸਲਾ ਕੀਤਾ। ਫ਼ਿਲਮਾਂ ਵਿੱਚ ਜਾਣ ਤੋਂ ਬਾਅਦ ਵੀ ਉਸਨੇ ਆਪਣੇ ਪਿਤਾ ਪੁਰਖੀ ਕਿਸਾਨ ਕਿੱਤੇ ਨਾਲ ਕਦੇ ਵੀ ਆਪਣਾ ਵਾਹ ਨਹੀਂ ਛੱਡਿਆ ਜਦੋਂ ਵੀ ਕਦੇ ਸਮਾਂ ਮਿਲਿਆ ਤਾਂ ਆਪਣੇ ਪਰਿਵਾਰ ਨਾਲ ਆ ਕੇ ਫਸਲਾਂ ਦੀ ਵਾਹ ਵਹਾਈ, ਤੂੜੀ ਦੀ ਢੁਆਈ, ਸ਼ਰਤਾਂ ਲਗਾ ਕੇ ਹਾੜੀ ਦੀ ਵਾਢੀ ਕਰਨ ਕਾਰਨ ਹੱਥਾਂ ’ਤੇ ਪਏ ਛਾਲੇ ਤੋਂ ਬਣੇ ਅੱਟਣ ਚੇਤਿਆਂ ’ਚ ਗੂੜ੍ਹੇ ਉਕਰੇ ਹੋਏ ਹਨ। ਸਰਦਾਰ ਸੋਹੀ ਨੇ ਦਾਅਵਾ ਕੀਤਾ ਕਿ ਭਾਵੇਂ ਇਸ ਵਾਰ ਤਾਂ ਉਹ ਪਛੜ ਗਏ ਹਨ ਪਰ ਅਗਲੀ ਵਾਰ ਉਹ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਬਚਾਉਣ ਲਈ ਲੋਕਾਂ ਨੂੰ ਜ਼ਰੂਰ ਹੋਕਾ ਦੇਣ ਲਈ ਅੱਗੇ ਆਉਣਗੇ। ਕਿਸਾਨੀ ਦੀ ਪੇਤਲੀ ਹਾਲਤ ਸਬੰਧੀ ਸਰਦਾਰ ਸੋਹੀ ਕਹਿੰਦੇ ਹਨ ਕਿ ਬਿਜ਼ਨੈਸਮੈਨ ਆਪਣੀਆਂ ਤਿਆਰ ਕੀਤੀਆਂ ਵਸਤਾਂ ਦਾ ਰੇਟ ਖੁਦ ਤੈਅ ਕਰਦੇ ਹਨ ਪਰ ਹੈਰਾਨੀਜਨਕ ਹੈ ਕਿ ਫਸਲਾਂ ਦਾ ਭਾਅ ਕਿਸਾਨ ਦੀ ਥਾਂ ਸਮੇਂ ਦੀਆਂ ਸਰਕਾਰਾਂ ਤੈਅ ਕਰਦੀਆਂ ਹਨ ਜਿਸ ਕਰਕੇ ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ।