ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਫਰਵਰੀ
ਜੂਝਦਾ ਪੰਜਾਬ ਵੱਲੋਂ ‘ਵਿਧਾਨ ਸਭਾ ਚੋਣਾਂ ਦਾ ਏਜੰਡਾ’ ਵਿਸ਼ੇ ’ਤੇ ਸੈਮੀਨਾਰ ਸਥਾਨਕ ਪੂਨੀਆਂ ਟਾਵਰ ਹੋਟਲ ’ਚ ਕਰਵਾਇਆ ਗਿਆ ਜਿਸ ਵਿੱਚ ਜੂਝਦਾ ਪੰਜਾਬ ਵੱਲੋਂ ਆਪਣੇ 32 ਏਜੰਡਿਆਂ ਬਾਰੇ ਜਾਣੂ ਕਰਵਾਇਆ ਗਿਆ। ਸੈਮੀਨਾਰ ਨੂੰ ਜੂਝਦਾ ਪੰਜਾਬ ਦੇ ਮੁੱਖ ਆਗੂਆਂ ਅਮਿਤੋਜ ਮਾਨ, ਸਰਬਜੀਤ ਧਾਲੀਵਾਲ, ਹਮੀਰ ਸਿੰਘ, ਸਮਾਜ ਸੇਵੀ ਏ.ਐੱਸ.ਮਾਨ, ਪ੍ਰੋ. ਸੰਤੋਖ ਕੌਰ ਅਤੇ ਕਰਨੈਲ ਸਿੰਘ ਜਖੇਪਲ ਆਦਿ ਨੇ ਸੰਬੋਧਨ ਕੀਤਾ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜੂਝਦਾ ਪੰਜਾਬ ਦੇ ਆਗੂ ਤੇ ਅਦਾਕਾਰ ਅਮਿਤੋਜ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਅਤੇ ਚੋਣ ਪਿੜ ’ਚ ਨਿੱਤਰੇ ਉਮੀਦਵਾਰਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚਿਹਰਿਆਂ ਅਤੇ ਪਾਰਟੀਆਂ ਦੇ ਬਦਲਣ ਨਾਲ ਪੰਜਾਬ ਨਹੀਂ ਬਦਲਣਾ ਸਗੋਂ ਏਜੰਡਿਆਂ ਦੇ ਬਦਲਣ ਨਾਲ ਸਿਸਟਮ ’ਚ ਸੁਧਾਰ ਹੋ ਸਕਦਾ ਹੈ। ਚੋਣਾਂ ਲੜ ਰਹੀਆਂ ਪਾਰਟੀਆਂ ਦਾ ਪੰਜਾਬ ਪ੍ਰਤੀ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਜਦੋਂ ਲੀਡਰ ਜਾਂ ਉਮੀਦਵਾਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਵਾਲ ਪੁੱਛੇ ਜਾਣ ਕਿ ਕੀ ਉਹ ਇਨ੍ਹਾਂ ਏਜੰਡਿਆਂ ਨੂੰ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਹਾਲਤ ਮਾੜੀ ਹੈ ਪਰ ਲੀਡਰਾਂ ਦੀ ਹਾਲਤ ਦਿਨੋਂ ਦਿਨ ਚੰਗੀ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਹਮੀਰ ਸਿੰਘ ਨੇ ਕਿਹਾ ਕਿ ਖੇਤੀ ਦੇ ਮਾਡਲ ਨੂੰ ਕੁਦਰਤ ਅਤੇ ਕਿਰਤ ਪੱਖੀ ਬਣਾਉਣ ਦੀ ਲੋੜ ਹੈ। ਮੌਜੂਦਾ ਵਿਕਾਸ ਦੇ ਮਾਡਲ ਅਨੁਸਾਰ ਪਿੰਡ ਪਿਛੜੇਪਣ ਦੀ ਨਿਸ਼ਾਨੀ ਹਨ। ਖੇਤੀ ਵਿੱਚ ਲੱਗੇ ਕਿਸਨ, ਮਜ਼ਦੂਰ ਅਤੇ ਛੋਟੇ ਕਾਰੀਗਰ ਪਰਿਵਾਰਾਂ ਲਈ ਘੱਟੋ ਘੱਟ ਆਮਦਨੀ ਦੀ ਗਾਰੰਟੀ ਦੇ ਅਸੂਲ ਲਾਗੂ ਕਰਨ ਦੀ ਲੋੜ ਹੈ।
ਸੈਮੀਨਾਰ ਨੂੰ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ, ਡਾ. ਏ.ਐਸ. ਮਾਨ, ਕਰਨੈਲ ਸਿੰਘ ਜਖੇਪਲ, ਗੁਰਪ੍ਰੀਤ ਸਿੰਘ ਨਮੋਲ, ਸਰਾਜ ਅਹਿਮਦ , ਹੈਪੀ ਮਾਨ ਆਦਿ ਨੇ ਸੰਬੋਧਨ ਕੀਤਾ। ਪ੍ਰੋ. ਸੰਤੋਖ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।