ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਜੂਨ
ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ ਦੇ ਵਿਰੋਧ ਵਿੱਚ ਪਿਛਲੇ ਤਿੰਨ ਦਿਨ ਤੋਂ ਇੱਥੇ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਮਰਨ ਵਰਤ ’ਤੇ ਬੈਠੇ ‘ਆਪ’ ਦੇ ਵਾਲੰਟੀਅਰ ਗੁਰਪ੍ਰੀਤ ਸਿੰਘ ਲਾਰਾ ਬਲਿਆਲ, ਗੁਲਾਬ ਖਾਨ ਫੱਗੂਵਾਲਾ ਅਤੇ ਬਲਕਾਰ ਸਿੰਘ ਬਲਿਆਲ ਅਤੇ ਧਰਨਾਕਾਰੀਆਂ ਨੇ ਅੱਜ ਪ੍ਰਸ਼ਾਸਨ ਦੀ ਬੇਰੁਖੀ ਤੋਂ ਪ੍ਰੇਸ਼ਾਨ ਹੋ ਕੇ ਪਹਿਲਾਂ ਵਿਭਾਗ ਦੇ ਦਫਤਰ ਨੂੰ ਜਿੰਦਰਾ ਮਾਰ ਕੇ ਅਧਿਕਾਰੀ ਬੰਦੀ ਬਣਾ ਲਏ। ਬਾਅਦ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਨ੍ਹਾਂ ਨੌਜਵਾਨਾਂ ਨੇ ਧਮਕੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਇਹ ਮਸਲਾ ਹੱਲ ਨਾ ਕੀਤਾ ਤਾਂ ਉਹ ਆਤਮਦਾਹ ਕਰ ਲੈਣਗੇ।
ਇਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤਹਿਸੀਲਦਾਰ ਭਵਾਨੀਗੜ੍ਹ ਗੁਰਲੀਨ ਕੌਰ ਅਤੇ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਪਰ ਇਹ ਨੌਜਵਾਨ ਤਿੰਨ ਘੰਟੇ ਆਪਣੀਆਂ ਮੰਗਾਂ ਲਈ ਟੈਂਕੀ ਉੱਤੇ ਹੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਅਖੀਰ ਵਿੱਚ ਤਹਿਸੀਲਦਾਰ ਵੱਲੋਂ ਕੱਟੇ ਗਏ ਨੀਲੇ ਕਾਰਡਾਂ ਦਾ ਮਸਲਾ ਇੱਕ ਹਫਤੇ ਵਿੱਚ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਇਹ ਨੌਜਵਾਨ ਟੈਂਕੀ ਤੋਂ ਹੇਠਾਂ ਉੱਤਰ ਆਏ।
ਇਸ ਮੌਕੇ ‘ਆਪ’ ਆਗੂ ਹਰਭਜਨ ਸਿੰਘ ਹੈਪੀ, ਨਿਰਮਲ ਸਿੰਘ ਭੜੋ, ਗੁਰਪ੍ਰੀਤ ਸਿੰਘ ਆਲੋਅਰਖ, ਰੌਸ਼ਨ ਕਲੇਰ, ਅਵਤਾਰ ਸਿੰਘ ਆਲੋਅਰਖ, ਗੁਰਚਰਨ ਸਿੰਘ ਅਤੇ ਇੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਦੇ ਸੰਕਟ ਦੌਰਾਨ ਪ੍ਰਸ਼ਾਸਨ ਨੇ ਕਾਂਗਰਸੀ ਆਗੂਆਂ ਦੇ ਇਸ਼ਾਰੇ ’ਤੇ ਜਾਣ-ਬੁੱਝ ਕੇ ਵਿਰੋਧੀ ਧਿਰ ਦੇ ਹਮਾਇਤੀ ਪੰਜ ਹਜ਼ਾਰ ਵਿਅਕਤੀਆਂ ਦੇ ਕਾਰਡ ਕਟਵਾ ਦਿੱਤੇ ਹਨ। ਇਸੇ ਦੌਰਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਭੂਪ ਚੰਦ ਚੰਨੋ ਦੀ ਅਗਵਾਈ ਹੇਠ ਵਫਦ ਵੱਲੋਂ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਮਾਨਕਵੀਰ ਸਿੰਘ ਸੋਢੀ ਨੂੰ ਕੱਟੇ ਗਏ ਨੀਲੇ ਕਾਰਡਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ।
ਸੈਂਕੜੇ ਦਲਿਤ ਮਜ਼ਦੂਰਾਂ ਵੱਲੋਂ ਧਰਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਸੈਂਕੜੇ ਦਲਿਤ ਮਜ਼ਦੂਰਾਂ ਵੱਲੋਂ ਵੱਖ-ਵੱਖ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਡੀਸੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ’ਤੇ ਦਰਜ ਹੋਏ ਝੂਠੇ ਪਰਚੇ ਰੱਦ ਕਰਵਾਉਣ, ਮਾਤਾ ਗੁਰਮੀਤ ਕੌਰ ਦੇ ਘਰ ਆ ਕੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਾਉਣ, ਫਾਇਨਾਂਸ ਕੰਪਨੀਆਂ ਰਾਹੀਂ ਲਏ ਕਰਜ਼ੇ ਮੁਆਫ਼ ਕਰਾਉਣ, ਰਾਸ਼ਨ ਕਾਰਡਾਂ ’ਚੋਂ ਕੱਟੇ ਨਾਮ ਦਰਜ ਕਰਾਉਣ ਅਤੇ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮੰਗ ਲਈ ਸਰਕਾਰਾਂ ਨੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ।
ਖੇਤ ਮਜ਼ਦੂਰਾਂ ਵੱਲੋਂ ਬੀਡੀਪੀਓ ਦਫਤਰ ਅੱਗੇ ਰੋਸ ਪ੍ਰਦਰਸ਼ਨ
ਘਨੌਰ (ਗੁਰਪ੍ਰੀਤ ਸਿੰਘ): ਕੁੱਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਸੀ.ਪੀ.ਐੱਮ. ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ, ਕੁੱਲਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਡਾ. ਵਿਜੈਪਾਲ, ਮਗਨਰੇਗਾ ਮਜ਼ਦੂਰ ਆਗੂ ਪ੍ਰੇਮ ਸਿੰਘ ਘਨੌਰ ਅਤੇ ਜਸਪਾਲ ਕੁਮਾਰ ਦੀ ਅਗਵਾਈ ਵਿੱਚ ਖੇਤ ਮਜ਼ਦੂਰਾਂ ਵੱਲੋਂ ਬੀ.ਡੀ.ਪੀ.ਓ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।ਆਗੂਆਂ ਆਖਿਆ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਇਸ ਦੌਰਾਨ ਸਰਕਾਰ ਵੱਲੋਂ ਲੋੜਵੰਦ ਨੀਲੇ ਕਾਰਡਧਾਰਕਾਂ ਦੇ ਨਾਮ ਵੀ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ ਜਿਸ ਕਾਰਨ ਹਜ਼ਾਰਾਂ ਖੇਤ ਮਜ਼ਦੁੂਰ ਪਰਿਵਾਰ ਰੋਜ਼ੀ ਰੋਟੀ ਤੋਂ ਮੁਥਾਜ ਹੋ ਗਏ। ਸਰਕਾਰ ਵੱਲੋਂ ਕੋਈ ਸਹਾਇਤਾ ਵੀ ਨਹੀਂ ਦਿੱਤੀ ਗਈ। ਇਸ ਮੌਕੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਨਾਮ ਪੱਤਰ ਬੀ.ਡੀ.ਪੀ.ਓ ਘਨੌਰ ਅਤੇ ਏ.ਐੱਫ.ਐੱਸ.ਓ ਘਨੌਰ ਨੂੰ ਸੌਂਪਿਆ ਗਿਆ।