ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਮਈ
ਕਰੋਨਾ ਨਾਲ ਪੀੜਤ ਲੋੜਵੰਦਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਨੇ ਪਿੰਡ ਬਡਰੁੱਖਾਂ, ਲੋਹਾਖੇੜਾ, ਖੇੜੀ, ਭਿੰਡਰਾਂ ਆਦਿ ’ਚ ‘ਕੋਵਿਡ ਮੁਕਤ ਪਿੰਡ’ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਦੇ ਬਚਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨਾਲ ਮੌਜੂਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਹੀ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ। ਇਸ ਦੌਰਾਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਪੀੜਤ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਈਆ ਜਾ ਰਹੀਆ ਹਨ ਤਾਂ ਜੋ ਲੋੜਵੰਦਾਂ ਨੂੰ ਇਸ ਔਖੀ ਘੜੀ ਦੌਰਾਨ ਖਾਣ-ਪੀਣ ਸਬੰਧੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ’ਚ ਕੋਵਿਡ ਜਾਂਚ ਲਈ ਪਹੁੰਚਣ ਵਾਲੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ।
ਸੰਦੌੜ: (ਪੱਤਰ ਪ੍ਰੇਰਕ): ਨਾਇਬ ਤਹਿਸੀਲਦਾਰ ਅਹਿਮਦਗੜ੍ਹ ਪਵਨਦੀਪ ਸਿੰਘ ਵੱਲੋਂ ਸਿਹਤ ਬਲਾਕ ਫਤਹਗਿੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡ ਸ਼ੇਰਗੜ੍ਹ ਚੀਮਾ ਵਿੱਚ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਤੋਂ ਬਚਾਅ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਹਾਜ਼ਰ ਪੰਚਾਇਤ, ਆਂਗਣਵਾੜੀ ਵਰਕਰ ਅਤੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਿਹਤ ਕਾਮਿਆਂ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।
ਰਾਜਪੁਰਾ (ਪੱਤਰ ਪ੍ਰੇਰਕ): ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਵੱਲੋਂ ਆਰੰਭੀ ‘ਕੋਵਿਡ ਮੁਕਤ ਪਿੰਡ’ ਮੁਹਿੰਮ ਤਹਿਤ ਗੈਂਦ ਨੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨਾਲ ਪਿੰਡ ਪਿਲਖਣੀ ਅਤੇ ਸ਼ਾਮਦੂ ਵਿੱਚ ਗ੍ਰਾਂਮ ਪੰਚਾਇਤਾਂ ਤੇ ਪਿੰਡ ਵਾਸੀਆਂ ਨੂੰ ਕੋਵਿਡ ਬਾਰੇ ਸੁਚੇਤ ਕਰਦਿਆਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੀਡੀਓ ਕਾਲ ਰਾਹੀਂ ਸਰਪੰਚਾਂ ਨਾਲ ਗੱਲਬਾਤ ਕਰਕੇ ਕੋਵਿਡ ਤੋਂ ਬਚਾਉਣ ਲਈ ਪਿੰਡਾਂ ਦੀ ਰਾਖੀ ਕਰਨ ਲਈ ਆਖਿਆ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਏ.ਪੀ.ਜੈਨ ਸਿਵਲ ਹਸਪਤਾਲ ਵਿੱਚ ਆਕਸੀਜਨ ਦਾ ਪਲਾਂਟ ਬਹੁਤ ਜਲਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ।