ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 2 ਮਾਰਚ
ਭਾਰਤ ਸਰਕਾਰ ਵੱਲੋਂ ਵਿਗਿਆਨ ਦਿਹਾੜੇ ’ਤੇ ਦਿੱਲੀ ਵਿੱਚ ਵੱਖ-ਵੱਖ ਖੇਤਰਾਂ ਦੇ ਵਿਗਿਆਨੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਕਰਕੇ ਸਨਮਾਨਿਤ ਕੀਤਾ ਗਿਆ। ਜਾਮੀਆ ਹਮਦਰਦ ਯੂਨੀਵਰਸਿਟੀ ਵਿੱਚ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਜਤਿੰਦਰ ਸਿੰਘ ਸਾਇੰਸ ਅਤੇ ਤਕਨੀਕੀ ਮੰਤਰੀ ਭਾਰਤ ਸਰਕਾਰ ਵੱਲੋਂ ਇਥੋਂ ਦੀ ਡਾ. ਫਾਤਿਮਾ ਨਾਜ਼ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਰੋਕਥਾਮ ਲਈ ਕੀਤੀ ਖੋਜ ਲਈ ਸਨਮਾਨਿਤ ਕੀਤਾ ਗਿਆ। ਡਾ. ਫਾਤਿਮਾ ਨਾਜ਼ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੀ ਪਹਿਲੀ ਮੁਸਲਿਮ ਲੜਕੀ ਹੈ, ਜਿਸ ਨੇ ਫਾਰਮਾ ਕੈਮਿਸਟਰੀ ’ਚ ਕੈਂਸਰ ਦੀ ਰੋਕਥਾਮ ’ਤੇ ਜਾਮੀਆ ਹਮਦਰਦ ਦਿੱਲੀ ਤੋਂ ਪੀ.ਐੱਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੇ ਖੋਜ ਪੇਪਰ ਅਮਰੀਕਨ ਕੈਮੀਕਲ ਸੁਸਾਇਟੀ, ਐਲਜੇਵੀਅਰ ਫਰਾਂਸ, ਫਿਊਚਰ ਸਾਇੰਸ ਤੋਂ ਇਲਾਵਾ ਯੂਰਪ ਦੇ ਦੇਸ਼ਾਂ ਦੇ ਬਹੁਤ ਸਾਰੇ ਰਸਾਲਿਆਂ ’ਚ ਛੱਪ ਚੁੱਕੇ ਹਨ। ਡਾ. ਫਾਤਿਮਾ ਕੌਮਾਂਤਰੀ ਕਾਨਫਰੰਸਾਂ ’ਚ ਦੋ ਵਾਰ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰ ਚੁੱਕੀ ਹੈ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਡਾ. ਫਾਤਿਮਾ ਨਾਜ਼ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।