ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਨੇੜੇ ਪਿੰਡ ਖੁਰਾਣਾ ਵਿੱਚ 8736 ਕੱਚੇ ਅਧਿਆਪਕਾਂ ਵੱਲੋਂ ਟੈਂਕੀ ’ਤੇ ਵਿੱਢੇ ਅਣਮਿਥੇ ਸਮੇਂ ਦੇ ਸੰਘਰਸ਼ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ਅਧਿਆਪਕ ਇੰਦਰਜੀਤ ਸਿੰਘ ਮਾਨਸਾ ਪਿਛਲੇ ਇੱਕ ਮਹੀਨੇ ਤੋਂ ਟੈਂਕੀ ’ਤੇ ਡਟਿਆ ਹੋਇਆ ਹੈ, ਜਦਕਿ ਹੋਰਨਾਂ ਅਧਿਆਪਕਾਂ ਨੇ ਟੈਂਕੀ ਹੇਠਾਂ ਪੱਕਾ ਮੋਰਚਾ ਲਾਇਆ ਹੋਇਆ ਹੈ। ਸੰਘਰਸ਼ਕਾਰੀ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੇ ਕੋਈ ਐਕਸ਼ਨ ਨਹੀਂ ਕੀਤੇ ਜਾਣਗੇ ਤੇ ਸਿਰਫ਼ ਸ਼ਾਂਤਮਈ ਧਰਨਾ ਜਾਰੀ ਰਹੇਗਾ।
ਪਿਛਲੇ ਇੱਕ ਮਹੀਨੇ ਦੌਰਾਨ ਟੈਂਕੀ ’ਤੇ ਡਟੇ ਹੋਏ ਮਾਨਸਾ ਦੇ ਇੰਦਰਜੀਤ ਨੇ ਤਿੱਖੀ ਧੁੱਪ ਤੇ ਭਾਰੀ ਮੀਂਹ ਦੌਰਾਨ ਵੀ ਹੌਸਲਾ ਨਹੀਂ ਛੱਡਿਆ ਹੈ। ਹਾਲਾਂਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਪਰ ਇੰਦਰਜੀਤ ਆਪਣੇ ਸੰਘਰਸ਼ ’ਤੇ ਡਟਿਆ ਹੋਇਆ ਹੈ।
ਅੱਜ ਲੁਧਿਆਣਾ ਤੇ ਸੰਗਰੂਰ ਦੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਕਿਹਾ ਕਿ ਉਨ੍ਹਾਂ ਦੇ ਇਸ ਸੰਘਰਸ਼ ਨੂੰ ਪੁਲੀਸ ਦੀਆਂ ਡਾਂਗਾ ਨਾਲ ਤੇ ਪ੍ਰਸ਼ਾਸਨ ਨੇ ਨੋਟਿਸ ਕੱਢ ਕੇ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਫ਼ਕੀਰ ਸਿੰਘ ਟਿੱਬਾ ਨੇ ਕਿਹਾ ਕਿ ਸਿਰਫ਼ ਤਨਖਾਹ ਵਿੱਚ ਵਾਧਾ ਕਰਨ ਨਾਲ ਅਧਿਆਪਕਾਂ ਨੂੰ ਰੈਗੂਲਰ ਨਹੀਂ ਕਿਹਾ ਜਾ ਸਕਦਾ, ਸਗੋਂ ਪੂਰੇ ਤਨਖਾਹ ਸਕੇਲ, ਭੱਤੇ ਤੇ ਹੋਰ ਸਰਕਾਰੀ ਲਾਭ ਰੈਗੂਲਰ ਅਧਿਆਪਕਾਂ ਵਾਂਗ ਦੇਣੇ ਬਣਦੇ ਸਨ।