ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਨਵੰਬਰ
ਪਿਛਲੇ ਕੁਝ ਦਿਨਾਂ ਵਿਚ ਹੀ ਪਿਆਜ਼ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਕਰ ਕੇ ਹਰੀਆਂ ਸਬਜ਼ੀਆਂ ਆਮ ਵਰਗ ਦੀ ਥਾਲੀ ’ਚੋਂ ਗਾਇਬ ਹੁੰਦੀਆਂ ਜਾਪ ਰਹੀਆਂ ਹਨ। ਇੱਥੇ ਪੰਜਾਬ ਦੀਆਂ ਦੂਜੀਆਂ ਮੰਡੀਆਂ ਨਾਲੋਂ ਸਬਜ਼ੀਆਂ ਦੇ ਭਾਅ ਕਈ ਗੁਣਾ ਵੱਧ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਇੱਥੇ ਪ੍ਰਚੂਨ ਵਿੱਚ ਪਿਆਜ਼ 50 ਤੋਂ 60 ਰੁਪਏ ਕਿੱਲੋਂ ਤੱਕ ਵਿਕਣ ਲੱਗਾ ਹੈ।
ਢਾਬਿਆਂ ਵਿਚ ਸਲਾਦ ’ਚ ਪਿਆਜ਼ ਦੀ ਥਾਂ ਮੂਲੀਆਂ ਨੇ ਲੈ ਲਈ ਹੈ। ਇਸੇ ਤਰ੍ਹਾਂ ਲਾਲ ਟਮਾਟਰ 80 ਰੁਪਏ ਕਿੱਲੋ, ਹਰੇ ਮਟਰ 160 ਰੁਪਏ, ਆਲੂ 30 ਤੋਂ 50 ਰੁਪਏ ਕਿੱਲੋ, ਫੁੱਲ ਗੋਭੀ 60 ਰੁਪਏ ਕਿੱਲੋ, ਗਾਜਰ 70 ਰੁਪਏ ਕਿੱਲੋ, ਸਾਗ 40 ਰੁਪਏ ਗੁੱਛੀ, ਬੈਂਗਣ 40 ਤੋਂ 50 ਰੁਪਏ ਕਿੱਲੋ, ਸ਼ਿਮਲਾ ਮਿਰਚ 80 ਤੋਂ 100 ਰੁਪਏ ਕਿੱਲੋ ਵਿਕਣ ਕਰ ਕੇ ਲੋਕਾਂ ਦੇ ਖਾਣੇ ’ਚੋਂ ਸਬਜ਼ੀਆਂ ਦਾ ਸਵਾਦ ਖ਼ਤਮ ਹੁੰਦਾ ਜਾਪ ਰਿਹਾ ਹੈ। ਉੱਧਰ, ਪਿਆਜ਼ ਦੇ ਵਧੇ ਰੇਟਾਂ ਨੂੰ ਦੇਖਦੇ ਹੋਏ ਕੁਝ ਕਿਸਾਨ ਪਿਆਜ਼ ਦੀ ਪਨੀਰੀ ਲਿਜਾ ਕੇ ਬੀਜਣ ਲੱਗ ਪਏ ਹਨ। ਇਹੀ ਹਾਲ ਟਮਾਟਰ ਦਾ ਹੈ ਜਿਹੜਾ ਕਿ 30 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਪ੍ਰਚੂਨ ’ਚ ਵਿਕ ਰਿਹਾ ਹੈ। ਸਬਜ਼ੀ ਵਿਕਰੇਤਾ ਇੰਦੂ ਅਰੋੜਾ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਸਬਜ਼ੀ ਦੀ ਕਾਸ਼ਤ ਘੱਟ ਹੋਣ ਕਰ ਕੇ ਬਹੁਤੀ ਸਬਜ਼ੀ ਬਾਹਰੋਂ ਆਉਂਦੀ ਹੈ ਅਤੇ ਮਾਲੇਰਕੋਟਲਾ, ਸੁਨਾਮ ਤੇ ਪਾਤੜਾਂ ਤੋਂ ਆਉਣ ਵਾਲੀ ਸਬਜ਼ੀ ’ਤੇ ਦੂਹਰੀ ਮਾਰਕੀਟ ਫੀਸ ਲੱਗਣ ਕਰ ਕੇ ਸਿੱਧੇ 10 ਫੀਸਦੀ ਰੇਟ ਵਧ ਹੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵੱਧ ਲਾਗਤ ਲਾਉਣ ਦੇ ਬਾਵਜੂਦ ਘੱਟ ਵਿਕਰੀ ਹੋਣ ਕਰ ਕੇ ਦੁਕਾਨਦਾਰਾਂ ਦਾ ਮੁਨਾਫਾ ਘੱਟ ਗਿਆ ਹੈ। ਏਟਕ ਦੇ ਬਲਾਕ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਬਾਗੀ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਡਿੱਪੂਆਂ ਰਾਹੀਂ ਸਸਤੀਆਂ ਦਾਲਾਂ, ਪਿਆਜ਼ ਤੇ ਸਬਜ਼ੀਆਂ ਆਦਿ ਸਬਸਿਡੀ ’ਤੇ ਦਿੱਤੀਆਂ ਜਾਣ।