ਪੱਤਰ ਪ੍ਰੇਰਕ
ਲਹਿਰਾਗਾਗਾ, 9 ਅਪਰੈਲ
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਹੈ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਭਾਜਪਾ ਖ਼ਿਲਾਫ਼ ਭੜਕਾ ਰਿਹਾ ਹੈ। ਉਨ੍ਹਾਂ ਇੱਥੇ ਜੀਪੀਐੱਫ ਕੰਪਲੈਕਸ ਵਿੱਚ ਪਾਰਟੀ ਦੇ ਯੂਥ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਭਾਜਪਾ ਵਰਕਰਾਂ ਦਾ ਵਿਰੋਧ ਕਰਦੇ ਹਨ, ਇਸ ਲਈ ਸਾਨੂੰ ਵੀ ਇਨ੍ਹਾਂ ਨੂੰ ਰੋਕਣਾ ਪੈਣਾ ਹੈ ਅਤੇ ਜਵਾਬ ਵੀ ਦੇਣਾ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਕੋਈ ਪਾਰਟੀ ਸਰਕਾਰ ਤੋਂ ਤੰਗ ਹੈ ਉਹ ਆਪਣੀ ਗੱਲ ਰੱਖ ਸਕਦੇ ਹਨ। ਉਨਾ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਏਜੰਡਾ, ਝੰਡਾ, ਨੀਤੀਆਂ ਹਰੇਕ ਪਿੰਡ, ਹਰੇਕ ਘਰ ਵਿੱਚ ਪਹੁੰਚਾਉਣਾ ਵਰਕਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਨੌਟੰਕੀਆਂ ਦੀ ਸਰਕਾਰ ਕਰਾਰ ਦਿੱਤਾ। ਇਸ ਮੌਕੇ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਗਰੇਵਾਲ, ਹਲਕਾ ਕਨਵੀਨਰ ਵਿਨੋਦ ਸਿੰਗਲਾ ,ਸੰਗਰੂਰ ਦੇ ਪ੍ਰਭਾਰੀ ਗਣੇਸ਼ ਸਰਪਾਲ, ਅੰਤਰਰਾਜ ਚੱਠਾ ਆਦਿ ਭਾਜਪਾ ਆਗੂ ਹਾਜ਼ਰ ਸਨ।