ਰਾਜਿੰਦਰ ਜੈਦਕਾ
ਅਮਰਗੜ੍ਹ 6 ਜੁਲਾਈ
ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਸਬ-ਡਿਵੀਜ਼ਨ ਲਈ ਜ਼ਮੀਨ ਦੇਣ ਲਈ ਪਾਏ ਮਤੇ ਦਾ ਅਕਾਲੀ ਦਲ ਦੇ ਕੌਂਸਲਰਾਂ ਨੇ ਵਿਰੋਧ ਕੀਤਾ ਹੈ। ਨਗਰ ਪੰਚਾਇਤ ਦੇ 11 ਵਿੱਚੋਂ 5 ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਕੌਂਸਲਰ ਜਸਵਿੰਦਰ ਸਿੰਘ ਦੱਦੀ, ਮੀਕੋ, ਹਰਜੀਤ ਕੌਰ, ਰੁਚੀਕਾ ਕੌੜਾ ਤੇ ਰਿਸ਼ੂ ਸਿੰਗਲਾ ਨੇ ਦੱਸਿਆ ਕਿ ਨਾਭਾ ਮਾਲੇਰਕੋਟਲਾ ਸੜਕ ’ਤੇ ਖਸਰਾ ਨੰਬਰ 1493, 1495, 1497, 1491, 1498, 1488, 1486, 1487, 1489, 1490, 1457,1451, ਅਤੇ 1450 ਵਿਚੋਂ ਪੰਜਾਬ ਸਰਕਾਰ ਦੇ ਨਾਂ ਕਰਨ ਲਈ ਮਤਾ ਪਾਇਆ ਗਿਆ ਹੈ। ਉਨ੍ਹਾਂ ਦੱਸਿਆਂ ਕਿ ਮਤੇ ਵਾਲੀ 75-80 ਵਿੱਘੇ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਹ ਨਗਰ ਪੰਚਾਇਤ ਦੀ ਕਮਰਸ਼ੀਅਲ ਜ਼ਮੀਨ ਹੈ ਜਿਸਤੋਂ ਨਗਰ ਪੰਚਾਇਤ ਨੂੰ ਆਉਣ ਵਾਲੇ ਸਮੇ ਵਿੱਚ ਭਾਰੀ ਆਮਦਨ ਹੋ ਸਕਦੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸਾਰੇ ਕੌਂਸਲਰ ਹਰ ਤਰ੍ਹਾਂ ਦਾ ਸ਼ੰਘਰਸ਼ ਕਰਨਗੇ ਤੇ ਹਾਈ ਕੋਰਟ ਜਾਣ ਲਈ ਵੀ ਮਜਬੂਰ ਹੋਣਗੇ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਜਸਪਾਲ ਕੌਰ ਦੇ ਪਤੀ ਸਰਬਜੀਤ ਸਿੰਘ ਗੋਗੀ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ 11 ਏਕੜ ਦਾ ਮਤਾ ਪਾ ਕੇ ਭੇਜਿਆ ਹੈ। ਇਸ ਜਗ੍ਹਾ ਐੱਸਡੀਐੱਮ ਦਫ਼ਤਰ ਅਤੇ ਤਹਿਸੀਲ ਦੇ ਹੋਰ ਦਫ਼ਤਰ ਬਣਾਏ ਜਾਣਗੇ।