ਪੱਤਰ ਪ੍ਰੇਰਕ
ਲਹਿਰਾਗਾਗਾ, 1 ਜੁਲਾਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਦੀ ਅਗਵਾਈ ਹੇਠ ਵਫ਼ਦ ਪਿੰਡ ਗੋਬਿੰਦਪੁਰਾ ਪਾਪੜਾ ਦੀ ਰਿਜ਼ਰਵ ਕੋਟੇ ਦੀ ਕਥਿਤ ਡੰਮੀ ਬੋਲੀ ਲਈ ਡੀਡੀਪੀਓ ਨੂੰ ਮਿਲਿਆ। ਜਥੇਬੰਦੀ ਦੇ ਆਗੂਆਂ ਨੇ ਮੰਗ ਪੱਤਰ ਰਾਹੀਂ ਦੱਸਿਆ ਕਿ ਪਿਛਲੇ ਦਿਨੀਂ ਮਿਤੀ 15-6-2023 ਨੂੰ ਪਿੰਡ ਗੋਬਿੰਦਪੁਰਾ ਪਾਪੜਾ ਦੇ ਐੱਸਸੀ ਰਿਜ਼ਰਵ ਕੋਟੇ ਦੀ ਲਗਭਗ 13 ਏਕੜ ਜ਼ਮੀਨ ਦੀ ਡੰਮੀ ਬੋਲੀ ਹੋ ਚੁੱਕੀ ਹੈ। ਇਸ ਲਈ ਐੱਸਸੀ ਭਾਈਚਾਰੇ ਦੇ ਵਿਰੋਧ ਵਜੋਂ ਲਿਖਤੀ ਦਰਖਾਸਤ ਰਾਹੀਂ ਕੀਤੀ ਗਈ ਡੰਮੀ ਬੋਲੀ ਰੱਦ ਕਰਵਾਉਣ ਅਤੇ ਦੁਆਰਾ ਸਰਕਾਰੀ ਰੇਟ ਤੋਂ ਘਟਾ ਕੇ ਬੋਲੀ ਕਰਵਾਉਣ ਦੀ ਹਦਾਇਤ ਕਰਵਾਉਣ ਅਤੇ ਲੋੜਵੰਦ ਮਜ਼ਦੂਰਾਂ ਨੂੰ ਸਸਤੇ ਠੇਕੇ ’ਤੇ ਜ਼ਮੀਨ ਲੈਣ ਦੀ ਬੇਨਤੀ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਬੀਡੀਪੀਓ ਲਹਿਰਾਗਾਗਾ ਦੇ ਦਫ਼ਤਰ ਵਿੱਚ ਆਗੂਆਂ ਨੇ ਮਿਲ ਕੇ ਉਕਤ ਮਸਲੇ ਸਬੰਧੀ ਜਾਣੂ ਕਰਵਾਇਆ ਸੀ ਪਰ ਉਕਤ ਜ਼ਮੀਨ ਦੀ ਡੰਮੀ ਬੋਲੀ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਲਈ ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਜਲਦੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਖੇਤ ਮਜ਼ਦੂਰ ਮਜਬੂਰੀ ਵੱਸ ਅਪਣਾ ਸੰਘਰਸ਼ ਅੱਗੇ ਵਧਾਉਣ ਲਈ ਮਜਬੂਰ ਹੋਣਗੇ।