ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਜੂਨ
ਇਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵਿੱਚ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਮੋਰਚਾ 253ਵੇਂ ਦਿਨ ਵੀ ਜਾਰੀ ਰਿਹਾ।
ਅੱਜ ਸਟੇਜ ਦੀ ਕਾਰਵਾਈ ਮਹਿਲਾਵਾਂ ਨੇ ਸੰਭਾਲੀ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਹਰਜਿੰਦਰ ਸਿੰਘ ਨੰਗਲਾ, ਰਾਮ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਨਿਮਾ ਸਿੰਘ ਗਾਗਾ, ਦਰਸ਼ਨ ਸਿੰਘ ਖਾਈ, ਮਹਿੰਦਰ ਸਿੰਘ ਨੰਗਲਾ, ਕਰਮਜੀਤ ਕੌਰ ਭੁਟਾਲ ਕਲਾਂ, ਪਰਮਜੀਤ ਕੌਰ ਪਸ਼ੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਅੱਤ ਦੀ ਗਰਮੀ ਤੇ ਝੋਨੇ ਦੀ ਬੀਜਾਈ ਦੇ ਸੀਜ਼ਨ ਵਿੱਚ ਵੀ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਟਾਨ ਵਾਂਗ ਡਟੇ ਹੋਏ ਹਨ। ਉਨ੍ਹਾਂ ਭਾਜਪਾ ਵੱਲੋਂ ਨਿਗੂਣੇ ਸਮਰਥਨ ਭਾਅ ਐਲਾਨਣ ਨੂੰ ਵੱਡੀ ਪ੍ਰਪਾਪਤੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦੇ ਦਾਅਵੇ ਕਰਦੀ ਸੀ। ਹਕੀਕਤ ’ਚ ਖੇਤੀ ਘਾਟੇ ਦਾ ਸੋਦਾ ਬਣ ਕੇ ਕਿਸਾਨ ਵੱਧ ਕਰਜ਼ਾਈ ਹੋ ਕੇ ਖੁਦਕਸ਼ੀਆਂ ਦੇ ਰਾਹ ਪੈ ਰਹੇ ਹਨ। ਉਨ੍ਹਾਂ ਡੀਜ਼ਲ ਅਤੇ ਖਾਂਦਾ ਦੇ ਰੇਟਾਂ ’ਚ ਅਥਾਹ ਵਾਧੇ ਕਰਕੇ ਕਿਸਾਨਾਂ ਨੂੰ ਲਗਾਤਾਰ ਸੰਘਰਸ਼ ਕਰਨ ਲਈ ਮਜ਼ਬੂਰ ਕਰ ਦਾ ਦੋਸ਼ ਲਾਇਆ। ਉਨ੍ਹਾਂ ਸੂਬਾ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਬੀਜਾਈ ਸਮੇਂ ਨਹਿਰਾਂ ’ਚ ਪਾਣੀ ਅਤੇ ਬਿਜਲੀ ਸਪਲਾਈ ਅਨਿਯਮਤ ਦੇਣ ਦਾ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਾਲੇ ਖੇਤੀ ਕਾਨੂੰਨ ਰੱਦ ਕਰਕੇ ਸਾਰੀਆਂ ਫ਼ਸਲਾਂ ਦੇ ਐੱਮਐੱਸਪੀ ਰੇਟਾਂ ਨੂੰ ਕਾਨੂੰਨੀ ਦਰਜਾ ਦੇਣ ਤੱਕ ਜੱਦੋ-ਜਹਿਦ ਜਾਰੀ ਰੱਖਣਗੇ।