ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਅਗਸਤ
ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਦੀ ਮੀਟਿੰਗ ਡਾ. ਏਐਸ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਨਸ਼ਿਆਂ ਵਿਰੁੱਧ ਬੁਲੰਦ ਆਵਾਜ਼ ਉਠਾਉਣ ਵਾਲੇ ਮੋਹਨ ਸ਼ਰਮਾ ਨੇ ਜਿੱਥੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਦੇ ਕਹਿਰ ਵਿਰੁੱਧ ਲੋਕਾਂ ਦੀ ਲਾਮਬੰਦੀ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਲੰਮਾ ਪਿੰਡ ਚੌਕ ਵਿੱਚ ਔਰਤਾਂ ਲਈ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰਨ ਪਹਿਲਾਂ ਹੀ ਲੋਕਾਂ ਦਾ ਸਰੀਰਕ, ਮਾਨਸਿਕ, ਆਰਥਿਕ ਅਤੇ ਬੌਧਿਕ ਤੌਰ ’ਤੇ ਘਾਣ ਹੋ ਰਿਹਾ ਹੈ, ਉੱਥੇ ਹੀ ਔਰਤਾਂ ਲਈ ਨਵਾਂ ਠੇਕਾ ਖੋਲ੍ਹ ਕੇ ਪੰਜਾਬ ਦੀਆਂ ਔਰਤਾਂ ਨੂੰ ਵੀ ਨਸ਼ਿਆਂ ਲਈ ਉਤਸ਼ਾਹਿਤ ਕੀਤਾ ਹੈ। ਡਾ. ਮਾਨ ਨੇ ਕਿਹਾ ਕਿ ਸੰਸਥਾ ਵਲੋਂ ਪੰਚਾਇਤੀ ਰਾਜ ਐਕਟ ਵਿੱਚ ਦਰਜ ਧਾਰਾਵਾਂ ਤਹਿਤ ਪਹਿਲਾਂ ਹੀ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਅੰਦਾਜ਼ਨ 16 ਔਰਤਾਂ ਵਿਧਵਾ ਹੋ ਗਈਆਂ ਹਨ। ਇੱਕ ਲੱਖ ਤੋਂ ਵੱਧ ਲੋਕਾਂ ਦੇ ਸ਼ਰਾਬ ਕਾਰਨ ਲਿਵਰ ਖ਼ਰਾਬ ਹੋ ਗਏ ਹਨ। ਇਸ ਦੇ ਬਾਵਜੂਦ ਔਰਤਾਂ ਲਈ ਸ਼ਰਾਬ ਦਾ ਠੇਕਾ ਖੋਲ੍ਹਣਾ ਨਿੰਦਣਯੋਗ ਵਰਤਾਰਾ ਹੈ। ਬਲਦੇਵ ਸਿੰਘ ਗੋਸਲ ਅਤੇ ਪ੍ਰਹਿਲਾਦ ਸਿੰਘ ਨੇ ਵੀ ਸਰਕਾਰ ਵੱਲੋਂ ਸ਼ਰਾਬ ਦਾ ਨਵਾਂ ਠੇਕਾ ਖੋਲ੍ਹਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਗ੍ਰਹਿਸਥੀ ਜੀਵਨ ਵੀ ਖੇਰੂੰ ਖੇਰੂੰ ਹੋਵੇਗਾ। ਫੋਰਮ ਨੇ ਇਹ ਸ਼ਰਾਬ ਦਾ ਠੇਕਾ ਤੁਰੰਤ ਬੰਦ ਕਰਨ ਦੀ ਮੰਗ ਕੀਤੀ।