ਪੱਤਰ ਪ੍ਰੇਰਕ
ਲਹਿਰਾਗਾਗਾ, 10 ਜੁਲਾਈ
ਨਹਿਰੀ ਵਿਭਾਗ ਲਗਾਤਾਰ 17ਵੀਂ ਵਾਰ ਵੀ ਸੰਗਤਪੁਰਾ ਨਹਿਰ ਕੋਠੀ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਅਸਫ਼ਲ ਰਿਹਾ।
ਅੱਜ ਕਬਜ਼ਾ ਲੈਣ ਲਈ ਨਹਿਰੀ ਵਿਭਾਗ ਦੇ ਉਪ ਮੰਡਲ ਅਫ਼ਸਰ ਗੁਰਜੀਤ ਸਿੰਘ ਸਰਕਾਰੀ ਲਾਮ ਲਸ਼ਕਰ ਲੈ ਕੇ ਪੁੱਜੇ ਸਨ। ਪਰ ਕਬਜ਼ੇ ਵਾਲੀ ਥਾਂ ਉੱਪਰ ਪਹਿਲਾਂ ਤੋਂ ਹੀ ਡਟੀ ਬੈਠੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰ ਅਤੇ ਆਗੂਆਂ ਦੇ ਵਿਰੋਧ ਕਰ ਕੇ ਕਬਜ਼ਾ ਲੈਣ ਆਈ ਟੀਮ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਇਸ ਨੂੰ ਕਿਸਾਨ ਆਗੂਆਂ ਨੇ ਜਥੇਬੰਦੀ ਦੇ ਏਕੇ ਦੀ ਜਿੱਤ ਦੱਸਿਆ ਹੈ, ਉੱਥੇ ਉਪ ਮੰਡਲ ਅਫ਼ਸਰ ਨਹਿਰੀ ਨੇ ਕਿਹਾ ਕਿ ਭੱਵਿਖ ਵਿਚ ਇਸ ਥਾਂ ਦਾ ਕਬਜ਼ਾ ਲਿਆ ਜਾਵੇਗਾ।
ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਜਦੋਂ ਥਾਂ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੋਵੇ, ਉਦੋਂ ਕਬਜ਼ਾ ਲੈਣ ਦੀ ਕੋਈ ਤੁਕ ਨਹੀਂ ਬਣਦੀ। ਇਸ ਕੋਠੀ ਦੀ ਅੱਜ ਹਾਈ ਕੋਰਟ ਵਿਚ ਪੇਸ਼ੀ ਹੈ।