ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਗਸਤ
ਦਿ ਰੈਵਨਿਊ ਪਟਵਾਰ/ਕਾਨੂੰਨਗੋ ਯੂਨੀਅਨ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਭਰ ਦੇ ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਵਿਚ ਪਟਵਾਰੀਆਂ ਦੀ ਗਿਣਤੀ ਘਟਾਉਣ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿ ਰੈਵਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਅਤੇ ਦਿ ਰੈਵਨਿਊ ਕਾਨੂੰਨਗੋ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਥੀ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪਟਵਾਰੀਆਂ ਦੀਆਂ ਅਸਾਮੀਆਂ 4716 ਤੋਂ ਘਟਾ ਕੇ 3660 ਕਰ ਦਿੱਤੀਆਂ ਹਨ ਜਦਕਿ ਪੰਜਾਬ ’ਚ ਕਈ ਨਵੇਂ ਜ਼ਿਲ੍ਹੇ ਅਤੇ ਤਹਿਸੀਲਾਂ ਹੋਂਦ ਵਿਚ ਆ ਚੁੱਕੀਆਂ ਹਨ ਜਿਸ ਕਾਰਨ ਪਟਵਾਰੀਆਂ ਉੱਪਰ ਕੰਮ ਦਾ ਬੋਝ ਘਟਣ ਦੀ ਬਜਾਏ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਨੇ ਪੰਜਾਬ ਦੇ ਜ਼ਿਲ੍ਹੇ 13 ਤੋਂ 23 ਤੇ ਤਹਿਸੀਲਾਂ 62 ਤੋਂ 96 ਕਰ ਦਿੱਤੀਆਂ ਹਨ ਅਤੇ ਦੂਜੇ ਪਾਸੇ ਪਟਵਾਰੀਆਂ ਦੀਆਂ ਅਸਾਮੀਆਂ ਘਟਾ ਰਹੀ ਹੈ। ਜ਼ਿਲ੍ਹਾ ਜਨਰਲ ਸਕੱਤਰ ਜਿੰਮੀ ਗੋਇਲ ਨੇ ਕਿਹਾ ਕਿ ਮਾਲ ਮਹਿਕਮੇ ਦੀ ਤ੍ਰਾਸਦੀ ਹੈ ਕਿ ਪਟਵਾਰੀਆਂ ਨੂੰ ਮਾਲ ਰਿਕਾਰਡ ਆਨਲਾਈਨ ਅਤੇ ਆਫਲਾਈਨ ਸੰਭਾਲਣਾ ਪੈਂਦਾ ਹੈ ਅਤੇ ਕੰਮ ਦਾ ਬੋਝ ਵਧਣ ਕਾਰਨ ਗਲਤੀਆਂ ਦੀ ਗੁਜਾਇੰਸ਼ ਰਹਿੰਦੀ ਹੈ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ, ਪੈਨਸ਼ਨ, ਕਰਜ਼ਾ ਮੁਆਫ਼ੀ, ਆਯੂਸ਼ਮਾਨ ਯੋਜਨਾ ਤੇ ਹੋਰ ਕਈ ਸਕੀਮਾਂ ਦੀ ਤਸਦੀਕ ਜ਼ਮੀਨੀ ਪੱਧਰ ’ਤੇ ਪਟਵਾਰੀ ਵੱਲੋਂ ਹੀ ਕੀਤੀ ਜਾਂਦੀ ਹੈ ਜਿਸ ਕਾਰਨ ਪਟਵਾਰੀਆਂ ਦੀਆਂ ਅਸਾਮੀਆਂ ਵਧਾਉਣ ਦੀ ਬੇਹੱਦ ਲੋੜ ਸੀ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪਟਵਾਰੀਆਂ ਦੀਆਂ ਅਸਾਮੀਆਂ ਘਟਾਉਣ ਵਾਲਾ ਫੈਸਲਾ ਵਾਪਸ ਨਾ ਲਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਰੋਸ ਧਰਨੇ ’ਚ ਨੰਬਰਦਾਰ, ਵਿਦਿਆਰਥੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਤਰਸੇਮ ਸਿੰਘ, ਤਹਿਸੀਲ ਪ੍ਰਧਾਨ ਕ੍ਰਮਵਾਰ ਗੁਰਪ੍ਰੀਤ ਸਿੰਘ ਦਿੜ੍ਹਬਾ, ਸੁਖਵਿੰਦਰ ਸਿੰਘ ਸੁਨਾਮ, ਸੁਖਜਿੰਦਰ ਸਿੰਘ ਮੂਨਕ, ਸੰਦੀਪ ਸਿੰਘ ਸੰਗਰੂਰ, ਬੁੱਧ ਸਿੰਘ ਲਹਿਰਾਗਾਗਾ, ਸਤਿੰਦਰਪਾਲ ਸਿੰਘ ਪੰਨੂ ਧੂਰੀ, ਸੁਮਨਦੀਪ ਸਿੰਘ ਭਵਾਨੀਗੜ੍ਹ ਨੇ ਵੀ ਸੰਬੋਧਨ ਕੀਤਾ।