ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਨਵੰਬਰ
ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵਲੋਂ ਤਿਆਰ ਆਰਗੈਨਿਕ ਰਿਵਾਇਤੀ ਸਿਹਤਮੰਦ ਉਤਪਾਦਾਂ ਦੀ ਵਿਕਰੀ ਲਈ ਲੱਗਦੀ ਹਫ਼ਤਾਵਰੀ ਪਹਿਲ ਮੰਡੀ ਸਥਾਨਕ ਬੀਐੱਸਐੱਨਐਲ ਪਾਰਕ ਅੱਗੇ ਲਗਾਈ ਗਈ। ਕਿਸਾਨਾਂ ਅਤੇ ਸੈਲਫ਼ ਹੈਲਪ ਗਰੁੱਪ ਦੀਆਂ ਸਟਾਲਾਂ ਤੋਂ ਲੋਕਾਂ ਵੱਲੋਂ ਖਰੀਦਦਾਰੀ ਪ੍ਰਤੀ ਉਤਸ਼ਾਹ ਪਾਇਆ ਗਿਆ, ਜਿਸ ਵਿੱਚ ਗੁੜ, ਸ਼ੱਕਰ, ਗੁੜ ਦੀਆਂ ਪਿੰਨੀਆਂ, ਸਰੋਂ ਦਾ ਕੱਚਾ ਖਾਸ ਕਰਕੇ ਰਿੰਨ੍ਹਿਆਂ ਸਾਗ, ਸਰ੍ਹੋਂ ਦਾ ਤੇਲ, ਆਰਗੈਨਿਕ ਸਜ਼ੀਆਂ ਆਦਿ ਖਿੱਚ ਦਾ ਕੇਂਦਰ ਬਣਿਆ।
‘ਪਹਿਲ ਮੰਡੀ’ ਦੀ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏਐੱਸ ਮਾਨ ਨੇ ਦੱਸਿਆ ਕਿ ਅੱਜ ਦੇ ਮਿਲਾਵਟੀ ਦੌਰ ਵਿੱਚ ਅਜਿਹੀਆਂ ਆਰਗੈਨਿਕ ਮੰਡੀਆਂ ਦੀ ਬੇਹੱਦ ਲੋੜ ਹੈ। ਜੇਕਰ ਪੰਜਾਬ ਐਗਰੋ ਵੱਲੋਂ ‘ਪਹਿਲ’ ਮੰਡੀਆਂ ਲੱਗਣ ਤਾਂ ਲੋਕ ਖੰਡ ਦੀ ਵਰਤੋਂ ਕਰਨੀ ਭੁੱਲ ਜਾਣ, ਡਾਲਡਾ ਘਿਓ ਵਰਤਣਾ ਛੱਡ ਜਾਣ ਕਿਉਂਕਿ ਪਹਿਲ ਮੰਡੀ ਵਿੱਚ ਕਿਸਾਨਾਂ ਵੱਲੋਂ ਤਿਆਰ ਮੱਝਾਂ-ਗਾਵਾਂ ਦੇ ਸ਼ੁੱਧ ਦੇਸੀ ਘੀ, ਮਿਲੇਟਸ ਦੇ ਬਿਸਕੁਟ, ਜੜੀਆਂ ਬੂਟੀਆਂ ਤੋਂ ਤਿਆਰ ਟੁੱਥ ਮੰਜਣ, ਲੱਕੜ ਦੇ ਟੁੱਥ ਬਰੱਸ਼, ਹਰ ਤਰ੍ਹਾਂ ਦੀਆਂ ਦਾਲਾਂ, ਗਰਮ ਮਸਾਲਿਆਂ ਅਤੇ ਹੋਰ ਚੀਜ਼ਾਂ ਨੂੰ ਸ਼ਹਿਰ ਦੇ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਸਗੋਂ ਖੂਬ ਖਰੀਦਦਾਰੀ ਵੀ ਕੀਤੀ ਜਾ ਰਹੀ ਹੈ।