ਬੀਰਬਲ ਰਿਸ਼ੀ
ਸ਼ੇਰਪੁਰ, 28 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਸਮੇਤ ਮਾਲੇਰਕੋਟਲਾ ਅਤੇ ਮਹਿਲ ਕਲਾਂ ਦੇ ਤਕਰੀਬਨ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਪਿੰਡਾਂ ’ਚ ਦੋ ਟੀਮਾਂ ਦਾ ਸਰਵੇ ਮੁਕੰਮਲ ਹੋ ਗਿਆ ਹੈ ਪਰ ਵਿਭਾਗ ਦੀ ਤੀਜੀ ਟੀਮ ਨੇ ਸਰਵੇ ਕਰਨ ਦੇ ਹੋਏ ਹੁਕਮਾਂ ਦੇ ਸਤਾਰਾਂ ਦਿਨ ਬੀਤ ਜਾਣ ਮਗਰੋਂ ਵੀ ਆਪਣੇ ਅਧਿਕਾਰ ਖੇਤਰ ਦੇ 13 ਪਿੰਡਾਂ ’ਚ ਪੈਰ ਵੀ ਨਹੀਂ ਪਾਇਆ। ਇਸ ਤੋਂ ਬਾਅਦ ਅਗਲੀ ਰੂਪ ਰੇਖਾ ਤੈਅ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਨੇ 31 ਅਕਤੂਬਰ ਨੂੰ ਸ਼ੇਰਪੁਰ, ਧੂਰੀ ਅਤੇ ਮਾਲੇਰਕੋਟਲਾ ਜ਼ੋਨ ਕਮੇਟੀਆਂ ਦੀ ਮੀਟਿੰਗ ਸੱਦ ਲਈ ਹੈ। ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਉਂਕਾਰ ਸਿੰਘ ਨੇ 11 ਅਕਤੂਬਰ ਨੂੰ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਤੋਂ 15 ਦਿਨਾਂ ਅੰਦਰ ਰਿਪੋਰਟ ਤਲਬ ਕੀਤੀ ਸੀ ਜਿਸ ਦੀ ਨਿਰਧਾਰਤ ਮਿਤੀ 26 ਅਕਤੂਬਰ ਨੂੰ ਸਮਾਪਤ ਹੋ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਕੋਟਲਾ ਬ੍ਰਾਂਚ ਨਹਿਰ ਨਾਲ ਸਬੰਧਤ ਨਹਿਰੀ ਵਿਭਾਗ ਦੀਆਂ ਦੋ ਟੀਮਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਪਰ ਤੀਜੀ ਟੀਮ ਹਾਲੇ ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ, ਘਨੌਰੀ ਕਲਾਂ, ਘਨੌਰ ਕਲਾਂ, ਫਰਵਾਹੀ, ਰੂੜਗੜ੍ਹ, ਪੰਜਗਰਾਈਆਂ, ਬਧੇਸ਼ਾ, ਮਾਹਮਦਪੁਰ, ਅਲੀਪੁਰ, ਰਾਮਨਗਰ ਛੰਨਾ ਤੋਂ ਇਲਾਵਾ ਮਾਲੇਰਕੋਟਲਾ ਨਾਲ ਸਬੰਧਤ ਮੁਬਾਰਕਪੁਰ ਚੂੰਘਾਂ, ਭੂਦਨ ਅਤੇ ਫਿਰੋਜ਼ਪੁਰ ਕੁਠਾਲਾ ’ਚੋ ਇੱਕ ਪਿੰਡ ਵੀ ਨਹੀਂ ਪੁੱਜੀ ਤੇ ਨਾ ਹੀ ਸਰਵੇ ਕੀਤਾ। ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਰਵੇ ਮੁਕੰਮਲ ਕਰਨ ਵਾਲੀਆਂ ਦੋ ਟੀਮਾਂ ਨੇ ਵੀ ਹਾਲੇ ਰਿਪੋਰਟ ਉਨ੍ਹਾਂ ਨੂੰ ਸੌਂਪਣੀ ਹੈ ਅਤੇ ਤੀਜੀ ਟੀਮ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਪਰ ਉਹ ਉਨ੍ਹਾਂ ਤੋਂ ਰਿਪੋਰਟ ਮੰਗਣਗੇ।
ਕਿਸਾਨਾਂ ਦੀ ਸਮੱਸਿਆ ਹੱਲ ਕਰਾਂਗੇ: ‘ਆਪ’ ਆਗੂ
‘ਆਪ’ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਨਹਿਰੀ ਪਾਣੀ ਲੋੜਵੰਦ ਕਿਸਾਨਾਂ ਤੱਕ ਪਹੁਚਾਉਣ ਲਈ ਸੁਹਿਰਦ ਯਤਨ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਹਿਜ਼ ਰੱਖਣ ਦੀ ਅਪੀਲ ਕਰਦਿਆਂ ਮਸਲੇ ਦੇ ਹੱਲ ਤੱਕ ਕਿਸਾਨਾਂ ਤੇ ਸਰਕਾਰ ਦਰਮਿਆਨ ਪੁਲ ਦਾ ਕੰਮ ਕਰਨ ਦਾ ਦਾਅਵਾ ਤੇ ਵਾਅਦਾ ਕੀਤਾ।