ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਅਕਤੂਬਰ
ਸੰਗਰੂਰ-ਲੁਧਿਆਣਾ ਸਟੇਟ ਹਾਈਵੇਅ ’ਤੇ ਲੱਗੇ ਲੱਡਾ ਅਤੇ ਲਹਿਰਾ ਟੌਲ ਪਲਾਜ਼ਾ ਮਿਆਦ ਖਤਮ ਹੋਣ ’ਤੇ ‘ਆਪ’ ਸਰਕਾਰ ਵੱਲੋਂ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਪਰ ਟੌਲ ਪਲਾਜ਼ਾ ਬੰਦ ਹੋਣ ਵਾਲੀ ਅੱਧੀ ਰਾਤ ਤੋਂ ਹੀ ਸਥਾਨਕ ਸ਼ਹਿਰ ਦੇ ਧੂਰੀ ਰੋਡ ਓਵਰਬ੍ਰਿਜ ਦੀਆਂ ਲਾਈਟਾਂ ਵੀ ਬੰਦ ਹੋ ਗਈਆਂ ਸਨ ਜੋ ਕਿ ਕਰੀਬ ਡੇਢ ਮਹੀਨੇ ਬਾਅਦ ਵੀ ਨਹੀਂ ਜੱਗੀਆਂ। ਇਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਓਵਰਬ੍ਰਿਜ ਨਜ਼ਦੀਕ ਸਥਿਤ ਕਲੋਨੀਆਂ ਦੇ ਵਸਨੀਕਾਂ ਦੀ ਪਾਰਕ ਸੰਭਾਲ ਤੇ ਸੋਸ਼ਲ ਵੈਲਫ਼ੇਅਰ ਸੁਸਾਇਟੀ ਸੰਗਰੂਰ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ, ਕਮੇਟੀ ਮੈਂਬਰ ਮਨਧੀਰ ਸਿੰਘ, ਸਵਰਨਜੀਤ ਸਿੰਘ, ਬਲਦੇਵ ਸਿੰਘ, ਅਮਨਦੀਪ ਮਾਨ ਅਤੇ ਗੁਰਜੰਟ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ 5 ਸਤੰਬਰ ਨੂੰ ਭਗਵੰਤ ਮਾਨ ਸਰਕਾਰ ਨੇ ਲੱਡਾ ਅਤੇ ਲਹਿਰਾ ਟੌਲ ਪਲਾਜ਼ਾ ਬੰਦ ਕਰਵਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ ਉਥੇ ਦੂਰਅੰਦੇਸ਼ੀ ਯੋਜਨਾ ਨਾ ਹੋਣ ਕਰਕੇ ਲੋਕਾਂ ਨੂੰ ਸਮੱਸਿਆਵਾਂ ਨਾਲ ਜੂਝਣ ਲਈ ਵੀ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ 5 ਸਤੰਬਰ ਦੀ ਅੱਧੀ ਰਾਤ ਨੂੰ ਟੌਲ ਪਲਾਜ਼ਾ ਬੰਦ ਹੋਣ ਦੇ ਨਾਲ ਸਥਾਨਕ ਓਵਰਬ੍ਰਿਜ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਓਵਰਬ੍ਰਿਜ ਦੇ ਹੇਠਾਂ ਬਣੇ ਪਾਰਕ ਵਿੱਚ ਸ਼ਹਿਰ ਦੀਆਂ ਮੁਬਾਰਕ ਮਹਿਲ, ਰਾਮ ਬਸਤੀ, ਖਲੀਫ਼ਾ ਬਾਗ ਆਦਿ ਕਲੋਨੀਆਂ ਦੇ ਵਸਨੀਕ ਰੋਜ਼ਾਨਾ ਸਵੇਰੇ-ਸ਼ਾਮ ਸੈਰ ਕਰਨ ਆਉਂਦੇ ਹਨ ਜਿੰਨ੍ਹਾਂ ਨੂੰ ਘੁੱਪ ਹਨੇਰੇ ਅਤੇ ਸਲਿੱਪ ਰੋਡ ਦੀ ਹਾਲਤ ਖਸਤਾ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਤੋਂ ਦੋ-ਤਿੰਨ ਦਿਨ ਬਾਅਦ ਉਹ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਨੂੰ ਮਿਲੇ ਸਨ ਜਿੰਨ੍ਹਾਂ ਨੇ ਕਿਹਾ ਸੀ ਕਿ ਹੁਣ ਵਿਭਾਗ ਟੌਲ ਕੰਪਨੀ ਤੋਂ ਲੈ ਕੇ ਇਨ੍ਹਾਂ ਦਾ ਪ੍ਰਬੰਧ ਨਗਰ ਕੌਂਸਲਾਂ/ਪੰਚਾਇਤਾਂ ਤੇ ਹੋਰ ਵਿਭਾਗਾਂ ਦੇ ਹਵਾਲੇ ਕਰੇਗਾ। ਸੁਸਾਇਟੀ ਆਗੂਆਂ ਨੇ ਦੱਸਿਆ ਕਿ 23 ਸਤੰਬਰ ਨੂੰ ਉਨ੍ਹਾਂ ਦਾ ਵਫ਼ਦ ਈਓ ਨਗਰ ਕੌਂਸਲ ਸੰਗਰੂਰ ਨੂੰ ਮਿਲਿਆ ਅਤੇ ਓਵਰਬ੍ਰਿਜ ਦੀਆਂ ਲਾਈਟਾਂ ਚਲਾਉਣ ਤੇ ਸਲਿੱਪ ਰੋਡ ਦੀ ਮੁਰੰਮਤ ਕਰਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਈਓ ਨੇ ਲਾਈਟਾਂ ਇੱਕ ਹਫ਼ਤੇ ’ਚ ਚਲਾਉਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਲਾਈਟਾਂ ਨਹੀਂ ਜੱਗੀਆਂ। ਆਗੂਆਂ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ’ਚ ਲਾਈਟਾਂ ਨਾ ਜੱਗੀਆਂ ਤਾਂ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਈਓ ਵੱਲੋਂ ਕਾਰਵਾਈ ਦਾ ਭਰੋਸਾ
ਨਗਰ ਕੌਂਸਲ ਸੰਗਰੂਰ ਦੇ ਕਾਰਜਸਾਧਕ ਅਫ਼ਸਰ ਸ੍ਰੀ ਬਾਲ ਕਿਸ਼ਨ ਦਾ ਕਹਿਣਾ ਹੈ ਕਿ ਲੋਕ ਨਿਰਮਾਣ ਵਿਭਾਗ ਤੋਂ ਐੱਨ.ਓ.ਸੀ. ਲੈਣਾ ਬਕਾਇਆ ਰਹਿੰਦਾ ਹੈ। ਉਹ ਇੱਕ-ਦੋ ਦਿਨਾਂ ਵਿਚ ਐੱਨਓਸੀ ਪ੍ਰਾਪਤ ਹੋਣ ਤੋਂ ਬਾਅਦ ਬੰੰਦ ਪਈਆਂ ਲਾਈਟਾਂ ਚਾਲੂ ਕਰਵਾ ਦਿੱਤੀਆਂ ਜਾਣਗੀਆਂ।