ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਨਵੰਬਰ
ਅੱਜ ਸਵੇਰੇ ਇੱਥੇ ਪਟਿਆਲਾ ਰੋਡ ਨੇੜੇ ਸੁਖਵਿੰਦਰ ਸਿੰਘ ਬਾਜਵਾ ਦੇ ਖੇਤ ਵਿੱਚ ਬਿਜਲੀ ਸਪਲਾਈ ਲਾਈਨ ਦੇ ਮੁੱਖ ਸਵਿੱਚ ਤੋਂ ਸਪਾਰਕਿੰਗ ਹੋਣ ਕਾਰਣ ਖੇਤ ਵਿੱਚ ਝੋਨੇ ਦੇ ਲਾਣ ਨੂੰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਅੱਗ ਨੂੰ ਬੁਝਾਇਆ।
ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਨਰੰਜਣ ਸਿੰਘ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਨੀਟੂ, ਮਨਜੀਤ ਸਿੰਘ ਮਨੀ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਦੀ ਵੱਡੀ ਲਾਈਨ ਦਾ ਮੁੱਖ ਸਵਿੱਚ ਕਿਸੇ ਰਸਤੇ ਉੱਤੇ ਹੋਣ ਦੀ ਥਾਂ ਬਿਲਕੁੱਲ ਖੇਤ ਦੇ ਵਿਚਾਲੇ ਹੈ, ਜੋ ਪਾਵਰਕੌਮ ਦੀ ਵੱਡੀ ਲਾਪ੍ਰਵਾਹੀ ਹੈ। ਇਸ ਕਾਰਨ ਸਪਾਰਕਿੰਗ ਹੋਣ ਸਮੇਂ ਫਸਲਾਂ ਨੂੰ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਅੱਗ ਨੂੰ ਜਲਦੀ ਕਾਬੂ ਨਾ ਕਰਦੇ ਤਾਂ ਇਹ ਅੱਗ ਨੇੜਲੇ ਖੇਤਾਂ ਵਿੱਚ ਖੜ੍ਹੇ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਕਰ ਸਕਦੀ ਸੀ। ਕਿਸਾਨਾਂ ਨੇ ਖੇਤ ਵਿੱਚੋਂ ਮੁੱਖ ਸਵਿੱਚ ਨੂੰ ਪੁੱਟ ਕੇ ਬਾਹਰ ਲਗਾਉਣ ਦੀ ਮੰਗ ਕੀਤੀ।
ਇਸ ਸਬੰਧੀ ਪਾਵਰਕੌਮ ਦੇ ਜੇਈ ਲਕਸ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਸਥਾਨ ’ਤੇ ਬਿਜਲੀ ਮੁਲਾਜ਼ਮਾਂ ਨੂੰ ਭੇਜ ਦਿੱਤਾ ਹੈ, ਉਨ੍ਹਾਂ ਦੀ ਰਿਪੋਰਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।