ਸਮੂਹ ਖਰੀਦ ਕੇਂਦਰਾਂ ਲਈ 38 ਸੈਕਟਰ ਅਫ਼ਸਰ ਤਾਇਨਾਤ, ਅਫ਼ਸਰਾਂ ਅਧੀਨ ਹੋਣਗੇ 3 ਤੋਂ 9 ਕੇਂਦਰ
ਬਿਨਾਂ ਇਜਾਜ਼ਤ ਸੈਕਟਰ ਅਫ਼ਸਰ ਨਹੀਂ ਛੱਡੇਗਾ ਹੈਡਕੁਆਟਰ; ਡਿਉੂਟੀ ਦੌਰਾਨ ਮੋਬਾਈਲ ਫੋਨ ਖੁੱਲ੍ਹਾ ਰੱਖਣ ਦੀ ਹਦਾਇਤ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਸਾਉਣੀ ਸੀਜ਼ਨ ਸਾਲ 2021 ਸਮੇਂ ਝੋਨੇ ਦੀ ਸੁਚੱਜੀ ਖਰੀਦ ਸੁਨਿਸ਼ਚਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਕੁੱਲ 170 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਖਰੀਦ ਕੇਂਦਰਾਂ ’ਤੇ ਝੋਨੇ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਮੂਹ ਖਰੀਦ ਕੇਂਦਰਾਂ ਲਈ 38 ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਹਰੇਕ ਸੈਕਟਰ ਅਫ਼ਸਰ ਅਧੀਨ ਕਰੀਬ 3 ਤੋਂ 9 ਖਰੀਦ ਕੇਂਦਰ ਹੋਣਗੇ। ਡਿਪਟੀ ਕਮਿਸ਼ਨਰ ਰਾਮਵੀਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮੂਹ ਸੈਕਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਝੋਨੇ ਦੀ ਖਰੀਦ ਮੁਕੰਮਲ ਹੋਣ ਤੱਕ ਕੋਈ ਵੀ ਅਫ਼ਸਰ ਆਪਣੇ ਨਿਗਰਾਨ ਅਫ਼ਸਰ ਦੀ ਇਜਾਜ਼ਤ ਤੋਂ ਬਿਨਾਂ ਹੈੱਡ ਕੁਆਰਟਰ ਨਹੀਂ ਛੱਡੇਗਾ ਅਤੇ ਡਿਊਟੀ ਦੌਰਾਨ ਆਪਣਾ ਮੋਬਾਇਲ ਫੋਨ ਖੁੱਲ੍ਹਾ ਰੱਖੇਗਾ। ਡਿਊਟੀ ’ਚ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਖਰੀਦ ਕੇਂਦਰ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਬੰਧਤ ਸੈਕਟਰ ਅਫ਼ਸਰ ਇਸ ਬਾਰੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਨਾਲ ਤਾਲਮੇਲ ਕਰ ਕੇ ਉਸ ਨੂੰ ਹੱਲ ਕਰੇਗਾ। ਖਰੀਦ ਪ੍ਰਕਿਰਿਆ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਸੰਗਰੂਰ ਕਰਨਗੇ। ਹਰੇਕ ਸੈਕਟਰ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ ਦੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਕਰਨੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕੰਟਰੋਲ ਰੂਮ (ਸੰਪਰਕ ਨੰਬਰ-85560-11621, 01672-234362) ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ ਡਿਵੀਜ਼ਨ ਪੱਧਰ ’ਤੇ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਸੰਗਰੂਰ (ਸੰਪਰਕ ਨੰਬਰ-99152-23556, 01672-234260) ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਲਹਿਰਾ, ਮੂਨਕ (ਸੰਪਰਕ-87288-57482, 01676-276654, 272125), ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਊਧਮ ਸਿੰਘ ਵਾਲਾ (ਸੰਪਰਕ ਨੰਬਰ-98720-77729, 01672-220070), ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਧੂਰੀ (ਸੰਪਰਕ ਨੰਬਰ-98784-88105, 01675-220561), ਦਫਤਰ ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ੍ਹ (ਸੰਪਰਕ ਨੰਬਰ-97790-22255), ਦਫਤਰ ਉਪ ਮੰਡਲ ਮੈਜਿਸਟ੍ਰੇਟ ਦਿੜ੍ਹਬਾ (ਸੰਪਰਕ ਨੰਬਰ-80549-23877, 01675-220561) ਅਤੇ ਦਫ਼ਤਰ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸੰਗਰੂਰ (ਸੰਪਰਕ-94635-86470, 01672-234051) ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।