ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਜੂਨ
ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕਰੀਬ ਪੌਣੇ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਗਈ ਹੈ ਪਰ ਪੋਸਟਲ ਬੈਲੇਟ ਰਾਹੀਂ ਸਰਕਾਰੀ ਮੁਲਾਜ਼ਮਾਂ ਨੇ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਪਾਈਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਵਿਚ ਪੰਜਾਬ ਸਰਕਾਰ ਪ੍ਰਤੀ ਰੋਸ ਹੈ। ਜ਼ਿਕਰਯੋਗ ਹੈ ਕਿ ਮੁਲਾਜ਼ਮ ਵਰਗ ਆਪਣੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਡੀਏ ਦੀਆਂ ਬਕਾਇਆ ਕਿਸ਼ਤਾਂ ਲੈਣ ਸਮੇਤ ਵੱਖ-ਵੱਖ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਮੰਗਾਂ ਦਾ ਹੱਲ ਨਾ ਹੋਣ ’ਤੇ ਸਰਵਿਸ ਵੋਟਰਾਂ ਵਲੋਂ ਸਰਕਾਰ ਵਿਰੁੱਧ ਰੋਹ ਹੈ।
ਸੰਗਰੂਰ ਲੋਕ ਸਭਾ ਹਲਕੇ ਵਿਚ ਸਰਵਿਸ ਵੋਟਰਾਂ ਦੀ ਗਿਣਤੀ 7207 ਸੀ ਜਿਸ ਵਿਚੋਂ 4262 ਵੋਟਰਾਂ ਨੇ ਪੋਸਟਲ ਬੈਲੇਟ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਕੁੱਲ 4262 ਵੋਟਾਂ ਵਿਚੋਂ ਸੱਤਾਧਾਰੀ ‘ਆਪ’ ਉਮੀਦਵਾਰ ਦੇ ਹੱਕ ਵਿਚ ਸਿਰਫ਼ 1294 ਵੋਟਾਂ ਪਈਆਂ ਹਨ। ਸਰਵਿਸ ਵੋਟਰਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣ ਦੀ ਬਜਾਏ ਕਾਂਗਰਸ ਪਾਰਟੀ ਉਪਰ ਭਰੋਸਾ ਜਤਾਇਆ ਹੈ। ਸਭ ਤੋਂ ਵੱਧ 1316 ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਪਾਈਆਂ ਹਨ।
ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਵਿਚ ਕੁੱਲ 23 ਉਮੀਦਵਾਰਾਂ ਨੂੰ ਪਈਆਂ ਪੋਸਟਲ ਬੈਲੇਟ ਵੋਟਾਂ ਵਿਚੋਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1316 ਵੋਟਾਂ, ‘ਆਪ’ ਉਮੀਦਵਾਰ ਮੀਤ ਹੇਅਰ ਨੂੰ 1294 ਵੋਟਾਂ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 703 ਵੋਟਾਂ, ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ 472 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ 223 ਵੋਟਾਂ, ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੂੰ 127 ਵੋਟਾਂ, ਆਪਣੀ ਏਕਤਾ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਨੂੰ 8 ਵੋਟਾਂ, ਆਜ਼ਾਦ ਸਮਾਜ ਪਾਰਟੀ ਦੇ ਹਰਭਜਨ ਸਿੰਘ ਨੂੰ 14 ਵੋਟਾਂ, ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਨੂੰ 10 ਵੋਟਾਂ, ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ 4 ਵੋਟਾਂ, ਆਜ਼ਾਦ ਉਮੀਦਵਾਰ ਜਸਵੰਤ ਸਿੰਘ ਨੂੰ 2 ਵੋਟਾਂ, ਆਜ਼ਾਦ ਉਮੀਦਵਾਰ ਪੱਪੂ ਕੁਮਾਰ ਨੂੰ 1 ਵੋਟ, ਪੰਜਾਬ ਨੈਸ਼ਨਲ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਦੇਵ ਨੂੰ 12 ਵੋਟਾਂ, ਆਜ਼ਾਦ ਉਮੀਦਵਾਰ ਅਮਨਪ੍ਰੀਤ ਸਿੰਘ ਨੂੰ 7 ਵੋਟਾਂ, ਆਮ ਜਨਤਾ ਪਾਰਟੀ ਇੰਡੀਆ ਦੇ ਰੰਗੀ ਖਾਨ ਨੂੰ 3 ਵੋਟਾਂ, ਭਾਰਤੀਆ ਜਨ ਸਮਾਨ ਪਾਰਟੀ ਦੇ ਜ਼ਿਲ੍ਹੇ ਸਿੰਘ ਨੂੰ 2 ਵੋਟਾਂ, ਆਜ਼ਾਦ ਉਮੀਦਵਾਰ ਚੰਨਣਵੀਰ ਸਿੰਘ ਨੂੰ 2 ਵੋਟਾਂ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਜਵਤਾਰ ਸਿੰਘ ਨੂੰ 1 ਵੋਟ, ਆਜ਼ਾਦ ਉਮੀਦਵਾਰ ਵਿਜੇ ਸਿਆਲ ਨੂੰ 1 ਵੋਟ, ਇੰਡੀਆ ਗਰੀਨ ਪਾਰਟੀ ਦੀ ਹਰਪ੍ਰੀਤ ਕੌਰ ਨੂੰ 10 ਵੋਟਾਂ, ਆਜ਼ਾਦ ਉਮੀਦਵਾਰ ਰਾਜ ਸਿੰਘ ਨੂੰ 3 ਵੋਟਾਂ ਜਦੋਂ ਕਿ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਅਤੇ ਆਦਰਸ਼ ਜਨਤਾ ਪਾਰਟੀ ਦੇ ਕਮਲ ਕੁਮਾਰ ਵਰਮਾ ਨੂੰ ਕੋਈ ਵੋਟ ਨਹੀਂ ਪਈ। ਸਾਰੇ ਉਮੀਦਵਾਰਾਂ ਵਿਚੋਂ ਕੋਈ ਵੀ ਪਸੰਦ ਨਾ ਹੋਣ ਕਾਰਨ 47 ਵੋਟਰਾਂ ਨੇ ਨੋਟਾ ਦੇ ਹੱਕ ਵਿਚ ਵੋਟਾਂ ਪਾਈਆਂ ਹਨ।