ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 8 ਮਈ
ਜਾਗਦਾ ਪੰਜਾਬ ਮਿਸ਼ਨ ਦੇ ਡਾਇਰੈਕਟਰ ਤੇ ਉੱਘੇ ਗਾਇਕ ਪਰਮਜੀਤ ਸਿੱਧੂ ਪੰਮੀ ਬਾਈ ਨੇ ਦਿੜ੍ਹਬਾ ਵਿੱਚ ‘ਜਾਗਦਾ ਪੰਜਾਬ ਮਿਸ਼ਨ’ ਦੇ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗਦਾ ਪੰਜਾਬ ਮਿਸ਼ਨ ਵੱਲੋਂ ਪੰਜਾਬ ਦੇ ਪਿੰਡ ਪਿੰਡ ਜਾ ਕੇ ਜਿੱਥੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਨੌਜਵਾਨਾਂ ਵਿੱਚ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਮਾਜਿਕ ਚੇਤਨਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਹਾਇਤਾ ਐੱਨਜੀਓ ਵੱਲੋਂ ਹੁਣ ਤੱਕ ਪੰਜਾਬ ਦੇ 1600 ਦੇ ਕਰੀਬ ਉਨ੍ਹਾਂ ਹੁਸ਼ਿਆਰ ਬੱਚਿਆਂ ਨੂੰ ਜਿਨ੍ਹਾਂ ਦੇ ਮਾਪੇ ਇਸ ਦੁਨੀਆਂ ਤੋਂ ਚਲੇ ਗਏ ਅਤੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚੇ ਜਿੱਥੇ ਤੱਕ ਵੀ ਉਹ ਪੜ੍ਹਨਾ ਚਾਹੁਣ ਉੱਥੇ ਤੱਕ ਦੀ ਪੂਰੀ ਪੜ੍ਹਾਈ ਦਾ ਖਰਚਾ ਇਸ ਸੰਸਥਾ ਵੱਲੋਂ ਚੁੱਕਿਆ ਜਾ ਰਿਹਾ ਹੈ। ਸਹਾਇਤਾ ਐੱਨਜੀਓ ਦੇ ਡਾਇਰੈਕਟਰ ਡਾ. ਰਾਜਿੰਦਰ ਰਾਜੀ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਭਾਰਤ ਦੇ ਸਾਰੇ ਰਾਜਾਂ ਵਿੱਚ ਅਤਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਹੁਸ਼ਿਆਰ ਬੱਚਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਮੁਫ਼ਤ ਵੱਖ-ਵੱਖ ਕੋਰਸ ਕਰਵਾਏ ਜਾ ਰਹੇ ਹਨ ਤੇ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ।