ਪੱਤਰ ਪ੍ਰੇਰਕ
ਲੌਂਗੋਵਾਲ, 3 ਜੂਨ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਿੰਡ ਦਿਆਲਗੜ੍ਹ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਖੇਤ ਮਜ਼ਦੂਰ ਭਾਈਚਾਰਾ ਆਪਣੇ ਹੱਕ ’ਚ ਕਰਵਾਉਣ ਵਿੱਚ ਕਾਮਯਾਬ ਹੋ ਗਿਆ ਹੈ। ਮਜ਼ਦੂਰਾਂ ਨੇ ਤੀਜੇ ਹਿੱਸੇ ਦੇ ਪਹਿਲੇ ਟੱਕ ਚਾਰ ਕਿਲੇ ਦੀ ਬੋਲੀ 94,700 ਰੁਪਏ ਪ੍ਰੇਮ ਸਿੰਘ ਦੇ ਨਾਂ ਅਤੇ ਅਤੇ ਦੂਜੇ ਟੱਕ 2 ਕਿਲੇ 50,400 ਦੇ ਹਿਸਾਬ ਨਾਲ ਸੁਖਦੇਵ ਸਿੰਘ ਦੇ ਨਾਂ ਤੇ ਪਿਛਲੇ ਰੇਟ ’ਤੇ ਹੀ ਲੈਣ ਚ ਸਫ਼ਲਤਾ ਹਾਸਲ ਕੀਤੀ ਹੈ। ਬੋਲੀ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਇਲਾਕਾ ਆਗੂ ਪ੍ਰਭੂ ਸਿੰਘ ਤੇ ਪਿੰਡ ਦੀ ਆਗੂ ਕਰਮਜੀਤ ਕੌਰ ਨੇ ਕਿਹਾ ਕਿ ਦੋਵਾਂ ਟੱਕਾਂ ਵਿੱਚ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਾਰਨ ਪਾਣੀ ਦੀ ਵੱਡੇ ਪੱਧਰ ’ਤੇ ਸਮੱਸਿਆ ਆਉਂਦੀ ਹੈ। ਇੱਕ ਟੱਕ ਵਿੱਚ ਤਾਂ ਲੰਘਣ ਲਈ ਰਸਤਾ ਵੀ ਨਹੀਂ ਹੈ। ਬੋਲੀ ਕਰਵਾਉਣ ਆਏ ਸਕੱਤਰ ਅਤੇ ਪੰਚਾਇਤ ਨੇ ਬਿਜਲੀ ਦੇ ਕੁਨੈਕਸ਼ਨ ਅਤੇ ਰਸਤੇ ਲਈ ਪ੍ਰਬੰਧ ਕਰਨ ਦਾ ਭਰੋਸਾ ਦਿਵਾਇਆ। ਮਜ਼ਦੂਰਾਂ ਨੇ ਇਹ ਵੀ ਦੋਸ਼ ਲਾਇਆ ਕਿ ਬੋਲੀ ਵਾਲੀ ਜ਼ਮੀਨ ਅਮਲੀ ਰੂਪ ’ਚ ਘੱਟ ਹੈ ਅਤੇ ਜ਼ਮੀਨ ਨੂੰ ਪੂਰਾ ਕੀਤੇ ਜਾਣ ਦੀ ਮੰਗ ਕੀਤੀ। ਰੈਲੀ ਦੌਰਾਨ ਝੋਨੇ ਦੀ ਲਵਾਈ ਪ੍ਰਤੀ ਏਕੜ ਛੇ ਹਜ਼ਾਰ ਰੁਪਏ ਅਤੇ ਮਹਿੰਗਾਈ ਕਾਰਨ ਦਿਹਾੜੀ ਸੱਤ ਸੌ ਰੁਪਏ ਕਰਨ ਦੀ ਮੰਗ ਵੀ ਕੀਤੀ।