ਨਿਜੀ ਪੱਤਰ ਪ੍ਰੇਰਕ
ਸੰਗਰੂਰ, 23 ਸਤੰਬਰ
ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ 33 ਦਿਨਾਂ ਤੋਂ ਇਥੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਟਾਹਲੀ ਬੋਦਲਾ ਦੇ ਟੈਟ ਪਾਸ ਬੇਰੁਜ਼ਗਾਰ ਬੀਐਡ. ਅਧਿਆਪਕ ਦੀ ਆਵਾਜ਼ ਭਾਵੇਂ ਸਰਕਾਰ ਨੇ ਅਜੇ ਨਹੀਂ ਸੁਣੀ ਪਰੰਤੂ ਪਿੰਡ ਟਾਹਲੀ ਬੋਦਲਾ ਦੀ ਪੰਚਾਇਤ ਪਿੰਡ ਦੇ ਨੌਜਵਾਨ ਦੀ ਸਾਰ ਲੈਣ ਲਈ ਅੱਜ ਇਥੇ ਪੁੱਜੀ। ਪੰਚਾਇਤੀ ਨੁਮਾਇੰਦਿਆਂ ਨੇ ਬੇਰੁਜ਼ਗਾਰ ਮੁਨੀਸ਼ ਨੂੰ ਹੌਸਲਾ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਬੀਐਡ. ਅਧਿਆਪਕਾਂ ਦੀ ਮੰਗ ਤੁਰੰਤ ਮੰਨੀ ਜਾਵੇ। ਮੁਨੀਸ਼ ਦੇ ਭਰਾ ਰਾਜਕੁਮਾਰ ਸਮੇਤ ਸਰਪੰਚ ਬੇਅੰਤ ਕੌਰ ਦੇ ਪਰਿਵਾਰਿਕ ਮੈਂਬਰ ਅਤੇ ਤਿੰਨ ਪੰਚਾਇਤ ਮੈਂਬਰਾਂ ਵਿਕਰਮਜੀਤ ,ਤਿਲਕ ਰਾਜ ਅਤੇ ਅਮਨਦੀਪ ਨੇ ਕਿਹਾ ਕਿ ਪਿੰਡ ਅਤੇ ਇਲਾਕੇ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲਾਮਬੰਦੀ ਕੀਤੀ ਜਾਵੇਗੀ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦੀ ਸਾਰ ਨਾ ਲਈ ਤਾਂ ਖਰੜ ਸ਼ਹਿਰ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ।