ਬੀਰਬਲ ਰਿਸ਼ੀ
ਸ਼ੇਰਪੁਰ, 20 ਮਾਰਚ
ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਨਾਲ ਸਬੰਧਤ ਪਿੰਡਾਂ ਦੀਆਂ ਸਿਹਤ ਸੰਸਥਾਵਾਂ ਤੇ ਵਿੱਦਿਅਕ ਅਦਾਰਿਆਂ ਦੇ ਤਰਜੀਹੀ ਕੰਮਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਦੇ ਸੈਂਟਰ ਇੰਚਾਰਜ ਰਘਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਸਕੂਲ ਦੀ ਢਹਿ-ਢੇਰੀ ਹੋਣ ਕੰਢੇ ਖੜ੍ਹੀ ਚਾਰਦੀਵਾਰੀ, ਚੋਰੀਆਂ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ, ਸਕੂਲ ਇਮਾਰਤ ਦੀਆਂ ਖਸਤਾ ਹਾਲ ਛੱਤਾਂ, ਖੇਡ ਮੈਦਾਨ ਨੂੰ ਉੱਚਾ ਚੁੱਕਣਾ, ਕਿਚਨ ਸ਼ੈੱਡ, ਲੜਕੀਆਂ ਦੇ ਪਖਾਨੇ, ਪਾਣੀ ਵਾਲੀ ਟੈਂਕੀ, ਸਫ਼ਾਈ ਸੇਵਕ ਤੇ ਚੌਕੀਦਾਰ ਆਦਿ ਸਬੰਧੀ ਮੰਗ ਪੱਤਰ ਤਿਆਰ ਕੀਤਾ ਜਾ ਰਿਹਾ ਹੈ। ਉਧਰ ਪੰਚਾਇਤ ਵਿਭਾਗ ਦੇ ਐੱਸਡੀਓ ਦਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਅਜਿਹੀਆਂ ਲਿਸ਼ਟਾਂ ਤਿਆਰ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੋਹਰੀ ਆਗੂ ਮਾਸਟਰ ਕੁਲਵੰਤ ਸਿੰਘ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ, ਮੁਸਲਿਮ ਕਮੇਟੀ ਦੇ ਆਗੂ ਅਮਨ ਖਾਨ, ਪੰਚ ਜੱਗਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਮਗਰੋਂ ਨਵੀਂ ਕੈਬਨਿਟ ਬਣਨ ’ਤੇ ਇਸ ਸਰਕਾਰੀ ਸਕੂਲ ਦੇ ਸੈਂਕੜੇ ਬੱਚਿਆਂ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਸੜਕ ਪਾਰ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਤੇ ਪ੍ਰਾਇਮਰੀ ਸਕੂਲ ਨੂੰ ਸੜਕ ਪਾਰ ਕਰਕੇ ਜਾਣ ਸਮੇਂ ਕਿਸੇ ਸੰਭਾਵੀ ਹਾਦਸੇ ਦੇ ਮੱਦੇਨਜ਼ਰ ਬੱਚਿਆਂ ਲਈ ਸੜਕ ’ਤੇ ਓਵਰਬ੍ਰਿਜ ਬਣਾਇਆ ਜਾਵੇ।