ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 3 ਅਗਸਤ
ਕੇਂਦਰੀ ਵਿਦਿਆਲਿਆ ਉਭਾਵਾਲ ਕੋਲੋਂ ਪਿਛਲੇ ਗਿਆਰਾਂ ਸਾਲ ਤੋਂ ਪ੍ਰਾਇਮਰੀ ਸਕੂਲ ਦੀ ਇਮਾਰਤ ਨਾ ਖਾਲੀ ਕਰਨ ਅਤੇ ਕੇਂਦਰੀ ਵਿਦਿਆਲਾ ਨੂੰ ਪੰਚਾਇਤ ਵੱਲੋਂ ਦਸ ਏਕੜ ਜ਼ਮੀਨ ਦਾਨ ਵਜੋਂ ਨਾਮ ਕਰਾਉਣ ਦੇ ਬਾਵਜੂਦ ਪ੍ਰਬੰਧਕਾਂ ਵੱਲੋਂ ਸਕੂਲ ਦੀ ਇਮਾਰਤ ਨਾ ਬਣਾਏ ਜਾਣ ਦੇ ਰੋਸ ਵਜੋਂ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਸਰਪੰਚ ਅਮਰਜੀਤ ਕੌਰ ਵੱਲੋਂ ਗੁਰਮੇਲ ਸਿੰਘ, ਪੰਚ ਛਿੰਦਰਪਾਲ ਸਿੰਘ ਢੀਂਡਸਾ, ਨਿਰਭੈ ਸਿੰਘ, ਸੁਖਦੇਵ ਸਿੰਘ ਅਤੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇੇ ਕਿਹਾ ਕਿ ਗਰਾਮ ਪੰਚਾਇਤ ਵੱਲੋਂ ਤਕਰੀਬਨ ਗਿਆਰਾਂ ਸਾਲਾਂ ਤੋਂ ਪੰਚਾਇਤੀ 10 ਏਕੜ ਜ਼ਮੀਨ ਕੇਂਦਰੀ ਵਿਦਿਆਲਿਆ ਦੇ ਨਾਂ ਸਕੂਲ ਦੀ ਇਮਾਰਤ ਬਣਾਉਣ ਲਈ ਮੁਫ਼ਤ ਵਿੱਚ ਦਿੱਤੀ ਗਈ ਹੈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਕੁਝ ਸਮੇਂ ਵਾਸਤੇ ਵਿਦਿਆਲਿਆ ਚਲਾਉਣ ਲਈ ਦਿੱਤੇ ਗਏ ਹਨ ਜਦਕਿ ਇਸ ਜ਼ਮੀਨ ’ਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਕਬਜ਼ਾ ਕਰ ਕੇ ਵਾਹੀ ਕੀਤੀ ਜਾ ਰਹੀ ਹੈ। ਪੰਚਾਇਤ ਵੱਲੋਂ ਵਿਦਿਆਲਿਆ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਇਸ ਜ਼ਮੀਨ ਵਿੱਚ ਜਾਂ ਤਾਂ ਬਿਲਡਿੰਗ ਬਣਾਈ ਜਾਵੇ ਜਾਂ ਫਿਰ ਉਨ੍ਹਾਂ ਨੂੰ ਵਾਪਸ ਪੰਚਾਇਤ ਨੂੰ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਖਾਲੀ ਕੀਤੀ ਜਾਵੇ। ਪੰਚਾਇਤ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਕੇਂਦਰੀ ਵਿਦਿਆਲਿਆ ਦੀ ਪ੍ਰਿੰਸੀਪਲ ਨੇ ਕਿਹਾ ਕਿ ਜਿਉਂ ਹੀ ਫੰਡ ਜਾਰੀ ਕੀਤੇ ਜਾਂਦੇ ਹਨ, ਉਸ ਸਮੇਂ ਹੀ ਬਿਲਡਿੰਗ ਬਣਾ ਦਿੱਤੀ ਜਾਵੇਗੀ।
ਐੱਸਡੀਐੱਮ ਵੱਲੋਂ ਕਾਰਵਾਈ ਦਾ ਭਰੋਸਾ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨੇ ਧਰਨੇ ’ਤੇ ਪਹੁੰਚ ਕੇ ਪੰਚਾਇਤ ਦੀ ਗੱਲਬਾਤ ਸੁਣੀ ਅਤੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਦੋ ਦਿਨਾਂ ਵਿਚ ਇਹ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨਾਜਾਇਜ਼ ਵਾਹੀ ਕਰਨ ਵਾਲਿਆਂ ਤੋਂ ਪਿਛਲੇ ਸਮੇਂ ਦਾ ਠੇਕਾ ਵੀ ਵਿਆਜ਼ ਸਮੇਤ ਵਸੂਲਿਆ ਜਾਵੇਗਾ।