ਧੂਰੀ: ਸ਼ਹਿਰ ਦੀ ਪੁਰਾਣੀ ਕੋਰਟ ਕੰਪਲੈਕਸ ਕੋਲ ਸ਼ਰੇਆਮ ਸੁੱਟਿਆ ਜਾ ਰਿਹਾ ਗਿੱਲਾ ਕੂੜਾ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਸਬੰਧੀ ਰਾਜਿੰਦਰ ਕੁਮਾਰ, ਰਵੀ ਕੁਮਾਰ, ਹਰਬੰਸ ਸਿੰਘ ਨੇ ਦੱਸਿਆ ਪੁਰਾਣੀ ਕੋਰਟ ਕੰਪਲੈਕਸ ਕੋਲ ਲੋਕਾਂ ਵੱਲੋਂ ਬਚੀਆਂ ਹੋਈਆਂ ਸਬਜ਼ੀਆਂ ਨੂੰ ਸੁੱਟੀਆਂ ਜਾ ਰਹੀਆਂ ਹਨ ਜਿਸ ਕਾਰਨ ਇੱਥੋਂ ਲੰਘਣ ਲੰਘਣ ਲੱਗਿਆ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਵਾਰਾ ਪਸ਼ੂ ਇਨ੍ਹਾਂ ਸਬਜ਼ੀਆਂ ਨੂੰ ਖਾਣ ਲਈ ਇੱਕਠੇ ਹੋਏ ਰਹਿੰਦੇ ਹਨ ਤੇ ਕਈ ਵਾਰ ਇਨ੍ਹਾਂ ਆਵਾਰਾ ਪਸ਼ੂਆਂ ਵਿੱਚ ਆਪਸੀ ਝੜਪਾਂ ਵੀ ਹੁੰਦੀਆਂ ਹਨ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਕੁੜਾ ਸੁੱਟਣ ਦੀ ਮਨਾਹੀ ਸਬੰਧੀ ਬੋਰਡ ਵੀ ਲੱਗੇ ਹੋਏ ਸਨ ਜੋ ਹੁਣ ਇਥੋਂ ਗਾਇਬ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਕਾਰਜਸਾਧਕ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਇਸ ਗੰਭੀਰ ਮਸਲੇ ਨੂੰ ਸਖ਼ਤੀ ਨਾਲ ਹੱਲ ਕੀਤਾ ਜਾਵੇਗਾ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ