ਮੇਜਰ ਸਿੰਘ ਮੱਟਰਾਂ
ਭਵਾਨੀਗੜ, 2 ਸਤੰਬਰ
ਇੱਥੋਂ ਨੇੜਲੇ ਪਿੰਡ ਭੱਟੀਵਾਲ ਖੁਰਦ, ਬਲਿਆਲ, ਛੰਨਾਂ,ਤਲਵੰਡੀ ਅਤੇ ਭੱਟੀਵਾਲ ਕਲਾਂ ਨੂੰ ਜੋੜਦੀਆਂ ਲਿੰਕ ਸੜਕਾਂ ਤੇ ਪ੍ਰੀਮਿਕਸ ਨਾ ਪੈਣ ਤੋਂ ਪ੍ਰੇਸ਼ਾਨ ਹੋਏ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਵਿਭਾਗ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਇਕਾਈ ਪ੍ਰਧਾਨ ਚਮਕੌਰ ਸਿੰਘ, ਮੀਤ ਪ੍ਰਧਾਨ ਭੋਲਾ ਸਿੰਘ ਨੇ ਦੱਸਿਆ ਕਿ ਇਹ ਲਿੰਕ ਸੜਕਾਂ ਉੱਤੇ ਰੋੜੇ ਪਾਏ ਗਏ ਸਨ, ਪਰ ਕਾਫੀ ਸਮਾ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਉੱਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਪ੍ਰੀਮਿਕਸ ਨਾ ਪੈਣ ਕਾਰਨ ਇਨਾਂ ਸੜਕਾਂ ਤੇ ਲੰਘਣ ਵਾਲੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਸੜਕ ਹਾਦਸੇ ਵੀ ਵਾਪਰ ਰਹੇ ਹਨ। ਇਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕਈ ਵਾਰ ਗੱਲਬਾਤ ਕਰਨ ਦੇ ਬਾਵਜੂਦ ਵੀ ਪ੍ਰੀਮਿਕਸ ਨਹੀਂ ਪਾਇਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪ੍ਰੀਮਿਕਸ ਨਾ ਪਾਇਆ ਗਿਆ ਤਾਂ ਯੂਨੀਅਨ ਕੋਈ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।
ਇਸੇ ਦੌਰਾਨ ਪੀਡਬਲਿਊ ਦੇ ਐੱਸਡੀਓ ਸਮਾਣਾ ਤੇ ਐੱਸਡੀਓ ਸੰਗਰੂਰ ਨੇ ਦੱਸਿਆ ਕਿ ਬਾਰਸ਼ਾਂ ਦੇ ਮੌਸਮ ਕਾਰਨ ਪ੍ਰੀਮਿਕਸ ਨਹੀਂ ਪਾਈ ਗਈ ਸੀ ਤੇ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।