ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 10 ਨਵੰਬਰ
ਇਲਾਕੇ ’ਚ ਇਨ੍ਹੀਂ ਦਿਨੀਂ ਸੜਕਾਂ ’ਤੇ ਚੱਲਦੀਆਂ ਪਰਾਲੀ ਦੀਆਂ ਗੰਢਾਂ ਨਾਲ ਲੱਦੀਆਂ ਓਵਰਲੋਡ ਟਰੈਕਟਰ-ਟਰਾਲੀਆਂ ਕਾਰਨ ਹਾਦਸਿਆਂ ਖ਼ਤਰਾ ਵਧ ਗਿਆ ਹੈ। ਆਮ ਟਰਾਲੀਆਂ ਦੇ ਆਕਾਰ ਤੋਂ ਕਰੀਬ ਡੇਢ ਗੁਣਾ ਚੌੜੀਆਂ, ਦੁੱਗਣੀ ਲੰਬਾਈ ਵਾਲੀਆਂ ਅਤੇ ਕਰੀਬ 10-12 ਫੁੱਟ ਉਚਾਈ ਤੱਕ ਪਰਾਲੀ ਦੀਆਂ ਗੰਢਾਂ ਨਾਲ ਲੱਦੀਆਂ ਇਨ੍ਹਾਂ ਟਰਾਲੀਆਂ ਕਾਰਨ ਸੜਕ ’ਤੇ ਜਾਂਦੇ-ਆਉਂਦੇ ਹੋਰ ਵਾਹਨ ਚਾਲਕਾਂ ਨੂੰ ਇਨ੍ਹਾਂ ਦੇ ਬਰਾਬਰ ਦੀ ਲੰਘਣ ਲਈ ਸੜਕ ’ਤੇ ਥਾਂ ਨਹੀਂ ਮਿਲਦੀ। ਇਨ੍ਹਾਂ ਟਰੈਕਟਰ-ਟਰਾਲੀਆਂ ਦੇ ਬਰਾਬਰ ਦੀ ਲੰਘਣ ਲਈ ਸਾਈਡ ਨਾ ਮਿਲਣ ਕਰਕੇ ਹੋਰਨਾਂ ਵਾਹਨਾਂ ਚਾਲਕਾਂ ਨੂੰ ਕਈ ਕਈ ਕਿਲੋਮੀਟਰ ਤੱਕ ਇਨ੍ਹਾਂ ਟਰੈਕਟਰ ਟਰਾਲੀਆਂ ਦੇ ਪਿੱਛੇ-ਪਿੱਛੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਇਨ੍ਹਾਂ ਟਰੈਕਟਰ-ਟਰਾਲੀਆਂ ਪਿੱਛੇ ਆ ਰਹੇ ਵਾਹਨ ਚਾਲਕ ਇਨ੍ਹਾਂ ਟਰੈਕਟਰ -ਟਰਾਲੀਆਂ ਤੋਂ ਸਾਈਡ ਲੈਣ ਲਈ ਹਾਰਨ ਵਜਾਉਂਦੇ ਹਨ ਪਰ ਇਨ੍ਹਾਂ ਟਰੈਕਟਰ -ਟਰਾਲੀਆਂ ਦੇ ਚਾਲਕ ਹਾਰਨ ਦੀ ਪ੍ਰਵਾਹ ਹੀ ਨਹੀਂ ਕਰਦੇ। ਸਥਿਤੀ ਇਹ ਹੈ ਕਿ ਪਰਾਲੀ ਦੀਆਂ ਗੰਢਾਂ ਨਾਲ ਲੱਦੀਆਂ ਹੋਈਆਂ ਇਹ ਟਰਾਲੀਆਂ ਅੱਧ ਤੋਂ ਵੱਧ ਸੜਕ ਰੋਕਦੀਆਂ ਹਨ। ਇਸ ਕਾਰਨ ਦੋਵੇਂ ਪਾਸਿਓਂ ਤੋਂ ਜਾਣ -ਆਉਣ ਵਾਲੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡਾਂ ਨੂੰ ਆਪਸ ਵਿਚ ਤੇ ਮੁੱਖ ਸੜਕਾਂ ਨੂੰ ਜੋੜਦੀਆਂ ਤੰਗ ਸੰਪਰਕ ਸੜਕਾਂ ’ਤੇ ਇਨ੍ਹਾਂ ਟਰਾਲੀਆਂ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਟਰਾਲੀਆਂ ’ਚੋਂ ਉੱਡਦਾ ਫੂਸ ਰਾਹਗੀਰਾਂ ਦੀਆਂ ਅੱਖਾਂ ’ਚ ਪੈਦਾ ਹੈ। ਸਥਿਤੀ ਇਹ ਹੈ ਕਿ ਇਨ੍ਹਾਂ ਟਰੈਕਟਰ-ਟਰਾਲੀ ਚਾਲਕਾਂ ਨੂੰ ਨਾ ਤਾਂ ਆਪਣੀ ਪ੍ਰਵਾਹ ਹੈ ਤੇ ਨਾ ਦੂਜੇ ਦਾ ਫ਼ਿਕਰ। ਹੁਣ ਤਾਂ ਇਹ ਓਵਰਲੋਡ ਟਰੈਕਟਰ -ਟਰਾਲੀਆਂ ਦੇਰ-ਸਵੇਰ ਵੀ ਸੜਕਾਂ ’ਤੇ ਆਮ ਹੀ ਦੌੜਦੀਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਦਿਨ ਸਮੇਂ ਤਾਂ ਹੋਰ ਵਾਹਨਾਂ ਦੇ ਚਾਲਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਨ੍ਹਾਂ ਟਰੈਕਟਰ-ਟਰਾਲੀਆਂ ਤੋਂ ਬਚ ਕੇ ਲੰਘ ਜਾਂਦੇ ਹਨ ਪਰ ਰਾਤ ਨੂੰ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰਾਤ ਨੂੰ ਟਰੈਕਟਰ ਦੀਆਂ ਅਗਲੀਆਂ ਲਾਈਟਾਂ ਚਲਦੀਆਂ ਹੋਣ ਕਰਕੇ ਸਾਹਮਣੇ ਤੋਂ ਆ ਰਹੇ ਵਾਹਨ ਚਾਲਕ ਜਾਂ ਰਾਹਗੀਰ ਨੂੰ ਟਰੈਕਟਰ ਪਿੱਛੇ ਪਾਈ ਟਰਾਲੀ ਦੀ ਲੰਬਾਈ- ਚੌੜਾਈ-ਉਚਾਈ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਵਜ੍ਹਾ ਕਰਕੇ ਰਾਤ ਸਮੇਂ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਮਨਦੀਪ ਸਿੰਘ ਚਹਿਲ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ, ਆਵਾਜਾਈ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਇਨ੍ਹਾਂ ਟਰੈਕਟਰ-ਟਰਾਲੀਆਂ ਦਾ ਆਕਾਰ , ਸੜਕ ’ਤੇ ਚੱਲਣ ਦਾ ਸਮਾਂ ਤੈਅ ਕਰੇ ਤੇ ਇਨ੍ਹਾਂ ’ਤੇ ਰੇਡੀਅਮ ਸਟਿੱਕਰ ਲਾਉਣ ਦੀ ਹਦਾਇਤ ਕਰੇ ਤਾਂ ਜੋ ਅੱਗਿਓਂ-ਪਿੱਛਿਓਂ ਆਉਂਦੇ ਹੋਰ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਇਨ੍ਹਾਂ ਦੀ ਸਹੀ ਲੰਬਾਈ,ਚੌੜਾਈ ਤੇ ਉਚਾਈ ਦਾ ਪਤਾ ਲੱਗ ਸਕੇ।