ਬੀਰਬਲ ਰਿਸ਼ੀ
ਸ਼ੇਰਪੁਰ, 8 ਫਰਵਰੀ
ਕਸਬਾ ਸ਼ੇਰਪੁਰ ਨਾਲ ਜੁੜੇ ਛਿਪਦੇ ਵੱਲ ਸਥਿਤ ਪਿੰਡ ਪੱਤੀ ਖਲੀਲ ਨੂੰ ਵੱਖਰੀ ਪੰਚਾਇਤ ਦਾ ਦਰਜਾ ਮਿਲਿਆ ਹੋਇਆ ਹੈ ਜਿਸ ਦੀ ਤਕਰੀਬਨ 15 ਕੁ ਸੌ ਵੋਟ ਹੈ ਪਰ ਇੱਥੋਂ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਹਨ।
ਪੱਤੀ ਖਲੀਲ ਦੇ ਨੌਜਵਾਨ ਕਾਲਾ ਵਰਮਾ ਨੇ ਦੱਸਿਆ ਕਿ ਭਾਵੇਂ ਪੱਤੀ ਖਲੀਲ ਦੇ ਕੁਝ ਲੋਕ ਗਲੀਆਂ-ਨਾਲੀਆਂ ਨੂੰ ਵਿਕਾਸ ਮੰਨ ਰਹੇ ਹੋਣ ਪਰ ਪੱਤੀ ਖਲੀਲ ਕੋਲ ਆਪਣਾ ਕੋਈ ਸਰਕਾਰੀ ਸਕੂਲ ਨਹੀਂ ਜਿਸ ਕਰਕੇ ਬੱਚਿਆਂ ਨੂੰ ਸ਼ੇਰਪੁਰ ਸਕੂਲ ਭੇਜਿਆ ਜਾਂਦਾ ਹੈ। ਕੋਈ ਸਰਕਾਰੀ ਪਸ਼ੂ ਡਿਸਪੈਂਸਰੀ ਨਹੀਂ, ਇਸ ਕਰਕੇ ਪਸ਼ੂਆਂ ਨੂੰ ਇਲਾਜ ਲਈ ਵੀ ਸ਼ੇਰਪੁਰ ਜਾਂ ਨਾਲ ਲਗਦੇ ਪਿੰਡ ਵਿੱਚ ਜਾਣਾ ਪੈਂਦਾ ਹੈ। ਪਾਵਰਕੌਮ ਦਾ ਦਫ਼ਤਰ ਪੱਤੀ ਖਲੀਲ ਵਿੱਚ ਕਿਰਾਏ ਦੀ ਜਗ੍ਹਾ ’ਤੇ ਚੱਲ ਰਿਹਾ ਹੈ ਪਰ ਹੈਰਾਨੀਜਨਕ ਹੈ ਕਿ ਉਸ ਦੇ ਨਾਮ ਨਾਲ ਵੀ ਪੱਤੀ ਖਲੀਲ ਨਹੀਂ ਸਗੋਂ ‘ਪਾਵਰਕੌਮ ਦਫ਼ਤਰ ਸ਼ੇਰਪੁਰ-1’ ਲਿਖਿਆ ਜਾਂਦਾ ਹੈ।
ਪਿੰਡ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਟੋਭਾ ਓਵਰਫਲੋਅ ਹੋਇਆ ਖੜ੍ਹਾ ਹੈ ਅਤੇ ਮਾਮੂਲੀ ਮੀਂਹ ਆਉਣ ’ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਪਾਣੀ ਦੀ ਨਿਕਾਸੀ ਦੇ ਆਰਜ਼ੀ ਪ੍ਰਬੰਧਾਂ ਲਈ ਭਾਵੇਂ ਟੋਭੇ ਤੋਂ ਪਾਈਪ ਲਾਈਨ ਪਾ ਕੇ ਪੰਚਾਇਤ ਦੀ ਮਹਿਜ਼ ਢਾਈ ਕੁ ਵਿੱਘੇ ਜਗ੍ਹਾ ਵਿੱਚ ਪਾਣੀ ਲਿਜਾਣ ਜਾਂ ਇਸ ਤੋਂ ਅੱਗੇ ਖੇਤਾਂ ਨੂੰ ਪਾਣੀ ਲਗਾਏ ਜਾਣ ਲਈ ਮੋਟਰ ਲਗਾਈ ਗਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਬਿੱਲ ਨਾ ਭਰੇ ਜਾਣ ਕਾਰਨ ਇਹ ਮੋਟਰ ਕਈ ਸਾਲਾਂ ਤੋਂ ਚਿੱਟਾ ਹਾਥੀ ਬਣੀ ਹੋਈ ਹੈ। ਸਾਬਕਾ ਪੰਚ ਹਰਦੀਪ ਪੁਰਬਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇੱਥੋਂ ਦੇ ਵਸਨੀਕਾਂ ਕੋਲ ਤਾਂ ਆਪਣਾ ਸ਼ਮਸ਼ਾਨਘਾਟ ਵੀ ਨਹੀਂ ਅਤੇ ਸਸਕਾਰ ਲਈ ਪੱਤੀ ਖਲੀਲ ਤੋਂ ਬਾਹਰ ਛੰਨਾ ਰੋਡ ’ਤੇ ਸਸਕਾਰ ਕੀਤਾ ਜਾਂਦਾ ਹੈ।
ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਦੱਸਿਆ ਕਿ ਪਿੰਡ ਦੀ ਪੰਚਾਇਤ ਕੋਲ ਆਪਣੀ ਜ਼ਮੀਨ ਨਾ ਹੋਣ ਕਾਰਨ ਕੋਈ ਆਮਦਨ ਨਹੀਂ ਉਂਜ ਪਿੰਡ ਨੂੰ ਆਈ ਲੱਖਾਂ ਰੁਪਏ ਦੀ ਗ੍ਰਾਂਟ ਨਾਲ ਗਲੀਆਂ-ਨਾਲੀਆਂ, ਧਰਮਸ਼ਾਲਾ ਤੇ ਹੋਰ ਚੰਗੇ ਕਾਰਜ ਕੀਤੇ ਗਏ ਹਨ। ਪਾਣੀ ਦੀ ਨਿਕਾਸੀ ਲਈ ਲਗਾਈ ਮੋਟਰ ਦੀ ਬਿਜਲੀ ਬਿੱਲ ਪਹਿਲੀ ਪੰਚਾਇਤ ਵੇਲੇ ਦਾ ਨਹੀਂ ਭਰਿਆ ਹੋਇਆ।