ਪੱਤਰ ਪ੍ਰੇਰਕ
ਲਹਿਰਾਗਾਗਾ, 30 ਸਤੰਬਰ
ਬੇਸ਼ੱਕ ਲਹਿਰਾਗਾਗਾ ਨੂੰ 2007 ਤੋਂ ਸਬ-ਡਿਵੀਜ਼ਨ ਦਾ ਦਰਜਾ ਮਿਲਿਆ ਹੋਇਆ ਅਤੇ ਇੱਥੋਂ ਸਿਆਸਤ ਦੇ ਵੱਡੇ ਥੰਮ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਕੱਚੇ ਪਹੇ ਤੋਂ ਵੀ ਬਦਤਰ ਹੈ। ਲਹਿਰਾਗਾਗਾ ਦੀਆਂ ਲਿੰਕ ਸੜਕਾਂ ’ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਗਰ ਸੁਧਾਰ ਸਭਾ ਦੇ ਬੁਲਾਰੇ ਇੰਜ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੀ ਨਵੀਂ ਚੋਣ ਮਗਰੋਂ ਕੋਈ ਵਾਲੀ-ਵਾਰਿਸ ਨਾ ਹੋਣ ਕਾਰਨ ਮਸਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਰਕੇ ਕੌਂਸਲ ਸੜਕਾਂ ਦੀ ਹਾਲਤ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰੀਮਿਕਸ ਪਲਾਂਟ ਬੰਦ ਕਰਨ ਕਰਕੇ ਸ਼ਹਿਰ ਵਿੱਚ ਕਈ ਸਾਲ ਤੋਂ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਡੂੰਘੇ ਖੱਡੇ ਪੈ ਗਏ ਹਨ। ਸਾਬਕਾ ਕੌਂਸਲਰ ਦਵਿੰਦਰ ਨੀਟੂ ਅਨਸਾਰ ਪਿਛਲੀ ਸਰਕਾਰ ਵੇਲੇ ਸੀਵਰੇਜ ਮਗਰੋਂ ਕਈ ਸੜਕਾਂ ’ਤੇ ਲਾਈਆਂ ਇੰਟਰਲਾਕ ਟਾਈਲਾਂ ਕਦੇ ਵੀ ਬੱਜਰੀ ਵਾਲੀ ਸੜਕ ਦਾ ਜਗ੍ਹਾ ਨਹੀਂ ਲੈ ਸਕੀਆਂ। ਬੱਸ ਅੱਡਾ-ਰਾਮੀਵਾਲੀ ਖੂਹੀ, ਹਸਪਤਾਲ ਰੋਡ, ਐੱਸਡੀਐੱਮ ਦਫ਼ਤਰ-ਮਾਰਕਿਟ ਕਮੇਟੀ, ਜ਼ਮੀਨਦੋਜ਼ ਪੁਲ, ਮੁੱਖ ਬਾਜ਼ਾਰ ਤੋਂ ਸਰਕਾਰੀ ਸੈਕੰਡਰੀ ਸਕੂਲ, ਜਾਖਲ ਰੋਡ ਤੋਂ ਪੁਲੀਸ ਸਟੇਸ਼ਨ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ ਹੈ। ਚੋਣਾਂ ਵੇਲੇ ਗਊਸ਼ਾਲਾ ਰੋਡ ’ਤੇ ਇੰਟਰਲਾਕ ਟਾਈਲਾਂ ਲਾ ਕੇ ਸ਼ੁਰੂ ਕੀਤੀ ਗਈ ਸੜਕ ਦਾ ਕੰਮ ਅੱਧਵਾਟੇ ਪਿਆ ਹੈ। ਵਿਧਾਇਕ ਬਰਿੰਦਰ ਗੋਇਲ ਨੇ ਨਗਰ ਕੌੌਂਸਲ ਅਧਿਕਾਰੀਆਂ ਨਾਲ ਟੁੱਟੀਆਂ ਸੜਕਾਂ ਦਾ ਸਰਵੇ ਕੀਤਾ ਅਤੇ ਈਓ, ਜੇਈ ਨੂੰ ਸਾਰੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ।