ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਅਕਤੂਬਰ
ਨੇੜਲੇ ਪਿੰਡ ਦਸ਼ਮੇਸ਼ ਨਗਰ ਕੋਠੇ ਡਸਕਾ ’ਚ ਆਰਓ ਸਿਸਟਮ ਲੱਗਾ ਹੋਣ ਦੇ ਬਾਵਜੂਦ ਲੋਕਾਂ ਨੂੰ ਸਿਹਤ ਲਈ ਹਾਨੀਕਾਰਕ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਪੰਚ ਵਰਿਆਮ ਸਿੰਘ, ਝਿਰਮਲ ਸਿੰਘ, ਪੰਚ ਗੁਰਮੀਤ ਸਿੰਘ ਅਤੇ ਸਤਨਾਮ ਸਿੰਘ ਦੀ ਅਗਵਾਈ ’ਚ ਵਸਨੀਕਾਂ ਨੇ ਆਰਓ ਸਿਸਟਮ ਨੂੰ ਚਲਾਉਣ ਲਈ ਐੱਸਡੀਐੱਮ ਜੀਵਨਜੋਤ ਕੌਰ ਨੂੰ ਲਿਖਤੀ ਪੱਤਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਧਰਤੀ ਹੇਠਲਾ ਪਾਣੀ ਪੀਣ ’ਚ ਖਾਰਾ ਤੇ ਤੇਜ਼ਾਬੀ ਹੋਣ ਕਰਕੇ ਔਖ ਆ ਰਹੀ ਹੈ ਪਰ ਸਰਪੰਚ ਆਪਣੇ ਚਹੇਤਿਆਂ ਨੂੰ ਖੋਲ੍ਹ ਕੇ ਪੀਣ ਵਾਲਾ ਪਾਣੀ ਦੇ ਦਿੰਦੀ ਹੈ। ਉਧਰ, ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਨੇ ਦੱਸਿਆ ਕਿ ਆਰਓ ਸਿਸਟਮ ਦੀ ਮੁਰੰਮਤ ਹੋਣ ਵਾਲੀ ਹੈ ਅਤੇ ਪੰਚਾਇਤ ਵੱਲੋਂ ਮੁਰੰਮਤ ਲਈ ਪੈਸੇ ਅਤੇ ਪੰਚਾਇਤ ਵੱਲੋਂ ਆਰਓ ਵਾਲੇ ਕਰਮਚਾਰੀ ਦੀ ਤਨਖਾਹ ਨੂੰ ਲੈ ਕੇ ਮਤਾ ਨਹੀਂ ਪਾਇਆ ਨਾ ਹੀ ਪੈਸੇ ਇਕੱਠੇ ਕਰਕੇ ਮੁਰੰਮਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਣੀ ਸਪਲਾਈ ਲਈ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਪਰ ਖਰਾਬੀ ਕਰਕੇ ਬੰਦ ਹੈ। ਐੱਸਡੀਐਮ ਨੇ ਤੁਰੰਤ ਐਕਸ਼ਨ ਲੈਂਦਿਆਂ ਸਬੰਧਤ ਅਧਿਕਾਰੀਆਂ ਅਤੇ ਬੀਡੀਪੀਓ ਨੂੰ ਮੌਕਾ ਦੇਖ ਕੇ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਹਦਾਇਤ ਕੀਤੀ।