ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 2 ਮਈ
ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਵੱਲੋਂ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਦੇ ਬਲਿਆਲ ਕੱਟ ’ਤੇ ਜਾਮ ਲਗਾ ਕੇ ਨਗਰ ਕੌਂਸਲ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਪ੍ਰਸ਼ੋਤਮ ਲਾਲ, ਟਿੰਕੂ ਨਾਇਕ, ਟੋਨੀ ਸਿੰਘ, ਰਾਮ ਕੁਮਾਰ ਅਤੇ ਜਸਬੀਰ ਕੌਰ ਨੇ ਦੱਸਿਆ ਕਿ ਸਰਕਾਰੀ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਪਿਛਲੇ 10-15 ਦਿਨਾਂ ਤੋਂ ਮੁਹੱਲੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ। ਦੂਜੇ ਪਾਸੇ ਨਗਰ ਕੌੰਸਲ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਰਿਹਾਇਸ਼ੀ ਖੇਤਰ ਨਗਰ ਕੌਂਸਲ ਦੇ ਅਧੀਨ ਨਹੀਂ ਆਉਂਦਾ। ਸੁਣਵਾਈ ਨਾ ਹੋਣ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੂੰ ਅੱਜ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਾ ਪਿਆ। ਹਾਈਵੇਅ ਜਾਮ ਹੋਣ ਦੀ ਸੂਚਨਾ ਮਿਲਦਿਆਂ ਹੀ ਭਵਾਨੀਗੜ੍ਹ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕਰਵਾ ਕੇ ਸੜਕ ਤੋਂ ਜਾਮ ਖੁਲ੍ਹਵਾਇਆ। ਨਗਰ ਕੌਂਸਲ ਦੀ ਪ੍ਰਧਾਨ ਸੁਖਦੀਪ ਕੌਰ ਨੇ ਵਾਰਡ ਦੇ ਲੋਕਾਂ ਦੀ ਮੁਸ਼ਕਲ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।