ਬੀਰਬਲ ਰਿਸ਼ੀ
ਧੂਰੀ, 17 ਨਵੰਬਰ
ਪਿੰਡ ਪੁੰਨਾਵਾਲ ’ਚ ਖਾਸ ਕਿਸਮ ਦੀਆਂ ਮੋਟੀਆਂ ਮੱਖੀਆਂ ਦੀ ਅਥਾਹ ਭਰਮਾਰ ਤੋਂ ਪਿੰਡ ਵਾਸੀ ਬਹੁਤ ਦੁਖੀ ਹਨ ਅਤੇ ਪਿੰਡ ਵਿੱਚ ਬਿਮਾਰੀ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ’ਤੇ ਬੀਕੇਯੂ ਡਕੌਂਦਾ ਬੁਰਜਗਿੱਲ ਨੇ ਲੋਕਾਂ ਦੇ ਹੱਕ ਵਿੱਚ ਡਟਦਿਆਂ ਮਾਮਲੇ ਦੀ ਹੱਲ ਲਈ ਪੈਰਵੀ ਕਰਨ ਦਾ ਐਲਾਨ ਕੀਤਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਛੋਟੀਆਂ ਮੱਖੀਆਂ ਦੇ ਨਾਲ-ਨਾਲ ਮੋਟੇ ਮੱਖ ਦੇ ਪ੍ਰਕੋਪ ਦੇ ਚਲਦਿਆਂ ਕੋਈ ਵੀ ਬਜ਼ੁਰਗ ਅੱਤ ਦੀ ਠੰਢ ਦੌਰਾਨ ਨਿੱਕਲੀ ਧੁੱਪ ਵਿੱਚ ਬਾਹਰ ਨਹੀਂ ਸੇਕ ਸਕਦਾ। ਕਿਸਾਨ ਘਰਾਂ ਦੀਆਂ ਔਰਤਾਂ ਜਦੋਂ ਦੁੱਧ ਚੋਣ ਜਾਂਦੀਆਂ ਹਨ ਤਾਂ ਦੁੱਧ ਵਿੱਚ ਮੱਖੀਆਂ ਪੈ ਜਾਂਦੀਆਂ ਹਨ, ਵਿਆਹ ਸ਼ਾਦੀਆਂ ਮੌਕੇ ਚੜਦੀ ਕੜਾਹੀ ਦੌਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਰਿਸ਼ਤੇਦਾਰਾਂ ਅੱਗੇ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਮੱਖੀਆਂ ਕਾਰਨ ਬਹੁਤੇ ਲੋਕਾਂ ਨੂੰ ਪੇਟ ਦਰਦ ਦੀ ਸਮੱਸਿਆ ਵੀ ਰਹਿੰਦੀ ਦੱਸੀ ਜਾਂਦੀ ਹੈ। ਰੱਜਦੇ ਪੁੱਜਦੇ ਘਰਾਂ ਨੇ ਆਪਣੇ ਅੰਦਰ ਮੱਖੀਆਂ ਵੜਨ ਤੋਂ ਰੋਕਣ ਲਈ ਜਾਲੀ ਵਾਲੇ ਗੇਟ ਲਵਾ ਲਏ ਹਨ ਪਰ ਗਰੀਬ ਘਰਾਂ ਤੋਂ ਅਜਿਹੇ ਹੀਲੇ ਵਸੀਲੇ ਨਾ ਹੋਣ ਕਾਰਨ ਉਹ ਇਨ੍ਹਾਂ ਮੱਖੀਆਂ ਦਾ ਸਭ ਤੋਂ ਵੱਧ ਸੰਤਾਪ ਹੰਢਾ ਰਹੇ ਹਨ। ਬੀਕੇਯੂ ਡਕੌਂਦਾ ਬੁਰਜਗਿੱਲ ਦੇ ਬਲਾਕ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ ਨੇ ਪਿੰਡ ਵਿੱਚ ਮੱਖੀਆਂ ਦੀ ਬਹੁਤਾਤ ਤੋਂ ਲੋਕ ਬਹੁਤ ਦੁਖੀ ਹੋਣ ਬਾਰੇ ਦੱਸਿਆ ਕਿ ਇਹ ਸਮੱਸਿਆ ਪਹਿਲਾਂ ਵੀ ਇਨ੍ਹਾਂ ਮਹੀਨਿਆਂ ਵਿੱਚ ਆ ਕੇ ਪੈਦਾ ਹੁੰਦੀ ਹੈ ਜਿਸਦਾ ਮੁੱਖ ਕਾਰਨ ਪੋਲਟਰੀ ਫਾਰਮ ਮੰਨੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਉੱਦਮੀ ਤੇ ਉਤਸ਼ਾਹੀ ਸਰਪੰਚ ਤੇ ਪੰਚਾਇਤ ਨੇ ਇਸ ਮਾਮਲੇ ’ਤੇ ਸਬੰਧਤ ਪੋਲਟਰੀ ਫਾਰਮ ਮਾਲਕਾਂ ਨਾਲ ਗੱਲ ਕੀਤੀ ਹੈ।
ਦਵਾਈ ਦਾ ਛਿੜਕਾਅ ਕਰਵਾਇਆ ਜਾਵੇਗਾ: ਐੱਸਐੱਮਓ
ਐੱਸਐੱਮਓ ਧੂਰੀ ਡਾਕਟਰ ਰਮਨ ਅਖਤਰ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਉਨ੍ਹਾਂ ਉਕਤ ਪਿੰਡ ਵਿੱਚ ਛਿੜਕਾਅ ਕਰਵਾਇਆ ਸੀ ਅਤੇ ਹੁਣ ਵੀ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਲਿਖਤੀ ਤੌਰ ’ਤੇ ਭੇਜੇ ਤਾਂ ਉਹ ਸਰਕਾਰੀ ਪੱਧਰ ’ਤੇ ਦਵਾਈ ਦਾ ਛਿੜਕਾਅ ਕਰਵਾ ਦੇਣਗੇ।