ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਪਰੈਲ
ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਲਾਉਣ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਇਹ ਕੰਮ ਬਿਜਲੀ ਵਿਭਾਗ ਵੱਲੋਂ ਬੇਸ਼ੱਕ ਲੋਕਾਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਪ੍ਰੰਤੂ ਫ਼ਰਨੀਚਰ ਮਾਰਕੀਟ ਦੇ ਲੋਕਾਂ ਨੇ ਠੇਕੇਦਾਰੀ ਦੇ ਘਟੀਆ ਕੰਮਾਂ ਅਤੇ ਮਹਿਕਮੇ ਵੱਲੋਂ ਕਥਿਤ ਕਮਿਸ਼ਨ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਵੇਂ ਚੁਣੇ ਕੌਂਸਲਰ ਕਪਲਾਸ ਤਾਇਲ, ਸਮਾਜ ਸੇਵੀ ਗੁਰੀ ਚਹਿਲ, ਸਤਪਾਲ ਸਿੰਘ, ਬੇਅੰਤ ਸਿੰਘ, ਗੁਰਮੀਤ ਖਾਈ, ਤਰੁਨ, ਓਮ ਪ੍ਰਕਾਸ਼ ਮਿੱਤਲ ਆਦਿ ਨੇ ਨਾਅਰੇਬਾਜ਼ੀ ਕਰਨ ਮਗਰੋਂ ਦੱਸਿਆ ਕਿ ਉਨ੍ਹਾਂ ਦੀ ਮਾਰਕੀਟ ਵਿਚ ‘ਉਲਟੀ ਗੰਗਾ ਪਹੋਏ ਨੂੰ ਜਾ ਰਹੀ ਹੈ’ ਕਿਉਂਕਿ ਸ਼ਹਿਰ ਵਿੱਚ ਪਹਿਲਾਂ ਲੱਗੇ ਖੰਭੇ ਪੁੱਟ ਕੇ ਉੱਚੇ ਲਾਏ ਜਾ ਰਹੇ ਹਨ ਪ੍ਰੰਤੂ ਇੱਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਇੱਥੇ ਪਹਿਲਾਂ ਨਾਲੋਂ ਪੰਜ ਫੁੱਟ ਛੋਟੇ ਖੰਭੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੱਗੇ ਖੰਭੇ ਮਹਿੰਗੇ ਭਾਅ ਦੇ ਲੋਹੇ ਦੇ ਹਨ ਅਤੇ ਹੁਣ ਸੀਮਿੰਟ ਦੇ ਲੱਗ ਰਹੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਸਬੰਧਤ ਐਸਡੀਓ ਨੂੰ ਕਿਹਾ ਪ੍ਰੰਤੂ ਉਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਤੇ ਕੋਈ ਅਧਿਕਾਰੀ ਵੀ ਇੱਥੇ ਜਾਇਜ਼ਾ ਲੈਣ ਨਹੀਂ ਆਇਆ। ਇਸ ਬਾਰੇ ਆਰਟੀਆਈ ਰਾਹੀਂ ਅੱਗੇ ਹੋਰ ਵੀ ਖੁਲਾਸੇ ਕੀਤੇ ਜਾਣਗੇ। ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਓਮ ਪ੍ਰਕਾਸ਼ ਮਿੱਤਲ ਅਤੇ ਸਤਪਾਲ ਸਿੰਘ ਨੇ ਕਿਹਾ, ਕਿ ਇੱਥੇ ਟਰਾਲੇ, ਤੂੜੀ ਦੀਆਂ ਟਰਾਲੀਆਂ ਲੰਘਦੀਆਂ ਹਨ ਪ੍ਰੰਤੂ ਫਿਰ ਵੀ ਮਹਿਕਮਾ ਅਣਦੇਖੀ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਖੰਭੇ ਪੁੱਟ ਕੇ ਮੋਟੇ ਅਤੇ ਉੱਚੇ ਨਹੀਂ ਲਾਏ ਗਏ ਤਾਂ ਉਹ ਸੰਘਰਸ਼ ਆਰੰਭਣਗੇ ਅਤੇ ਹੋਣ ਵਾਲੇ ਹਾਦਸੇ ਦੇ ਐਸਡੀਓ ਅਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਧਰ ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੰਬੇ ਲਾਉਣ/ਬਦਲਣ ਦਾ ਕੰਮ ਲੋਕਲ ਪੱਧਰ ਦੀ ਬਜਾਏ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਕੀਤਾ ਜਾਂਦਾ ਹੈ।