ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 4 ਅਗਸਤ
ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਸਹਿਤ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕੈਨੇਡਾ ਦੀ ਵਸਨੀਕ ਰਮਿੰਦਰ ਰੰਮੀ ਦੀ ਪੁਸਤਕ ‘ਕਿਸ ਨੂੰ ਆਖਾਂ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਨੇ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਸਾਹਿਤਕਾਰ ਪਹਿਲਾਂ ਰੁਜ਼ਗਾਰ ਲਈ ਮਿਹਨਤ ਕਰਦੇ ਸਨ ਹੁਣ ਉਹ ਇਸ ਤੋਂ ਉੱਪਰ ਉੱਠ ਕੇ ਆਪਣੀ ਮਾਤ-ਭੂਮੀ ਦੇ ਮੋਹ ਵਿਚ ਚੰਗਾ ਸਾਹਿਤ ਰਚ ਰਹੇ ਹਨ। ਇਸ ਪੁਸਤਕ ਬਾਰੇ ਹਰਜਿੰਦਰ ਕੌਰ ਨੇ ਦੱਸਿਆ ਕਿ ਲੇਖਿਕਾ ਰੰਮੀ ਇਕ ਸਹਿਜ ਸੋਚ ਵਾਲੀ ਸੰਵੇਦਨਸ਼ੀਲ ਲੇਖਿਕਾ ਹੈ, ਜਿਸ ਨੇ ਸਾਹਿਤਕਾਰਾਂ ਦਾ ਸੰਗਠਨ ਬਣਾਇਆ ਹੋਇਆ ਹੈ ਤੇ ਨਿਰੰਤਰ ਸਾਹਿਤ ਨਾਲ ਸਾਂਝ ਰੱਖੀ ਹੋਈ ਹੈ। ਇਸ ਮੌਕੇ ਕਰਵਾਏ ਗਏ ਸਾਵਣ ਕਵੀ ਦਰਬਾਰ ਵਿਚ ਅਮਰਜੀਤ ਸਿੰਘ ਲੁਬਾਣਾ ਦੀ ਕਵਿਤਾ ਨਾਲ ਸ਼ੁਰੂਆਤ ਹੋਈ। ਕਰਮ ਸਿੰਘ ਹਕੀਰ ਨੇ ‘ਦੱਸੋ ਦੱਸੋ ਵੇ ਲੋਕੋ ਮੈਂ ਕਿਧਰ ਨੂੰ ਜਾਵਾਂ’ ਸੁਣਾ ਕੇ ਰੰਗ ਬੰਨ੍ਹਿਆ। ਅਵਤਾਰ ਪੁਆਰ ਨੇ ਗ਼ਜ਼ਲ ‘ਮੌਸਮ ਖ਼ੁਸ਼ਗਵਾਰ ਹੋਇਆ ਬਰਸਾਤ ਪਿੱਛੋਂ’ ਸੁਣਾਈ। ਗੀਤਕਾਰ ਸੁਰਿੰਦਰ ਸੋਹਣਾ ਨੇ ਗੀਤ ਸੁਣਾ ਕੇ ਸਾਵਣ ਵਿਚ ਅਲੰਕਾਰਾਂ ਰਾਹੀਂ ਇਕ ਮਹਬਿੂਬ ਨੂੰ ਸੰਬੋਧਨ ਕੀਤਾ। ਇਸ ਤਰ੍ਹਾਂ ਪ੍ਰੋ. ਭੁਪਿੰਦਰ ਸ਼ਾਹੀ, ਪਾਰ ਮਾਨਸ, ਅੰਗਰੇਜ਼ ਕਲੇਰ, ਹਰਜਿੰਦਰ ਕੌਰ, ਸੁਨੀਤਾ ਦੇਸਰਾਜ, ਕੁਲਵੰਤ ਜੱਸਲ, ਸ਼ਰਨਜੀਤ ਕੌਰ, ਡਾ. ਹਰਜੀਤ ਸਿੰਘ ਸੱਧਰ, ਪੱਤਰਕਾਰ ਗੁਰਵਿੰਦਰ ਪਾਲ ਸਿੰਘ ਜੀਪੀ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਵਿੱਚ ਸਾਉਣ ਦੇ ਮਹੀਨੇ ਦੀ ਮਹਿਕ ਭਰੀ। ਇਸ ਦੌਰਾਨ ਬਲਦੇਵ ਸਿੰਘ ਖੁਰਾਣਾ ਨੇ ਗੀਤ ‘ਤੂੰ ਪੀਂਘ ਤੇ ਮੈ ਪਰਛਾਵਾਂ’ ਸੁਣਾਇਆ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਅਲੋਪ ਹੋ ਰਹੇ ਵਿਰਸੇ ਨੂੰ ਸੰਬੋਧਿਤ ‘ਆਖਾਂ ਜਾਂਦੀ ਸਦੀ ਨੂੰ ਇਕ ਕਰਮ ਕਮਾਂਦੇ, ਵਿਰਸਾ ਮੇਰੇ ਪੰਜਾਬ ਦਾ ਨੀ ਮੋੜ ਲਿਆ ਦੇ’ ਸੁਣਾ ਕੇ ਚੰਗਾ ਰੰਗ ਬੰਨ੍ਹਿਆ ਤੇ ਰਮਿੰਦਰ ਰੰਮੀ ਦੀ ਕਿਤਾਬ ਵਿਮੋਚਨ ’ਤੇ ਵਧਾਈ ਦਿੱਤੀ।