ਖੇਤਰੀ ਪ੍ਰਤੀਨਿਧ
ਧੂਰੀ, 13 ਅਗਸਤ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਮੰਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ’ਤੇ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ ਲਾਇਆ ਧਰਨਾ ਅੱਜ 316ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਜਦੋਂ ਕਿ ਅਸਲੀਅਤ ਵਿੱਚ ਦੇਸ਼ ਦੇ ਲੋਕ ਪੂਰੀ ਤਰ੍ਹਾਂ ਹਾਲੇ ਵੀ ਆਜ਼ਾਦ ਨਹੀਂ ਹਨ। ਉਨ੍ਹਾਂ ਕਿਹਾ ਕੇ ਦੇਸ਼ ’ਤੇ ਮੋਦੀ, ਅਮਿਤ ਸ਼ਾਹ, ਅੰਬਾਨੀ ਤੇ ਅੰਡਾਨੀ ਦਾ ਰਾਜ ਹੈ, ਇਨ੍ਹਾਂ ਲੋਕਾਂ ਕਾਰਨ ਅੱਜ ਦੇਸ਼ ਮਹਿੰਗਾਈ ਦੀ ਅੱਗ ਵਿਚ ਸੜ ਰਿਹਾ ਹੈ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਗੁਰਜੰਟ ਸਿੰਘ, ਕਿਰਪਾਲ ਸਿੰਘ ਧੂਰੀ, ਹਰਪਾਲ ਸਿੰਘ ਪੇਧਨੀ ਤੇ ਮਹਿੰਦਰ ਸਿੰਘ ਵੀ ਹਾਜ਼ਰ ਸਨ।
ਸਿੰਘੂ ਬਾਰਡਰ ਲਈ ਕਿਸਾਨ ਦਾ ਜਥਾ ਰਵਾਨਾ
ਰਾਜਪੁਰਾ (ਪੱਤਰ ਪ੍ਰੇਰਕ): ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਆਰੰਭੇ ਗਏ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਿੰਡ ਹਰਪਾਲਪੁਰ ਦੇ ਕਿਸਾਨਾਂ ਦਾ ਕਾਫਲਾ ਸੰਤ ਜੈ ਸਿੰਘ, ਭਗਵਾਨ ਸਿੰਘ ਖਾਲਸਾ, ਜੀਤ ਸਿੰਘ, ਜੈਪਾਲ ਸ਼ਰਮਾ, ਗੁਰਮੇਲ ਸਿੰਘ, ਦੇਵ ਸਿੰਘ, ਅਮਰਜੀਤ ਸਿੰਘ, ਪ੍ਰੇਮ ਸਿੰਘ ਅਤੇ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਇਆ।