ਮੁਕੰਦ ਸਿੰਘ ਚੀਮਾ
ਸੰਦੌੜ, 25 ਦਸੰਬਰ
ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਕੜੀ ਤਹਿਤ ਕਾਰਪੋਰੇਟ ਘਰਾਣਿਆਂ ਦੇ ਕੀਤੇ ਜਾ ਰਹੇ ਬਾਈਕਾਟ ਦੇ ਚਲਦਿਆਂ ਅੱਜ ਇੱਥੇ ਰਾਏਕੋਟ-ਮਾਲੇਰਕੋਟਲਾ ਮੁੱਖ ਮਾਰਗ ’ਤੇ ਸਥਿਤ ਜੀਓ ਕੰਪਨੀ ਦੇ ਦਫਤਰ ਨੂੰ ਲੋਕਾਂ ਨੇ ਜਿੰਦਰਾ ਲਗਾ ਦਿੱਤਾ। ਇਕੱਤਰ ਹੋਏ ਲੋਕਾਂ ਨੇ ਜੀਓ ਦਫਤਰ ਅੱਗੇ ਖੜ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਪਤੀ ਅੰਬਾਨੀ ਖਿਲਾਫ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਖੇਤੀ ਦੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਦੋਂ ਤੱਕ ਅੰਬਾਨੀਆਂ ਦੇ ਵਪਾਰ ਨੂੰ ਉਹ ਪੰਜਾਬ ਵਿੱਚ ਨਹੀਂ ਚੱਲਣ ਦੇਣਗੇ। ਲੋਕਾਂ ਨੇ ਕਿਹਾ ਕਿ ਮੋਦੀ ਕਿਸਾਨੀ ਰੋਹ ਨੂੰ ਦੇਖਦੇ ਹੋਏ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਸ ਲੈ ਕੇ ਇਸ ਅੰਦੋਲਨ ਨੂੰ ਖਤਮ ਕਰਾਉਣ।
ਇਸ ਮੌਕੇ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਜਗਤਾਰ ਸਿੰਘ ਜੱਸਲ, ਅਜਮੇਰ ਸਿੰਘ, ਜਸਪਾਲ ਸਿੰਘ ਜੱਸੀ, ਡਾ. ਜਗਜੀਤ ਸਿੰਘ ਜੱਗੀ, ਅਨੂਪ ਸਿੰਘ, ਪਰਮਜੀਤ ਸਿੰਘ ਮੱਕੜ, ਲਛਮਣ ਸਿੰਘ, ਸੋਨੀ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਸੁਖਚੈਨ ਸਿੰਘ ਆਦਿ ਨੌਜਵਾਨ ਹਾਜ਼ਰ ਸਨ।
ਪੁੱਤਰ ਦੇ ਵਿਆਹ ’ਤੇ ਇਕੱਠੀ ਹੋਈ ਸ਼ਗਨ ਰਾਸ਼ੀ ਕਿਸਾਨ ਸੰਘਰਸ਼ ਲਈ ਦਿੱਤੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸਾਬਕਾ ਆਗੂ ਬਹਾਦਰ ਸਿੰਘ ਧੂਰੀ ਵੱਲੋਂ ਆਪਣੇ ਪੁੱਤਰ ਦੇ ਵਿਆਹ ’ਤੇ ਇਕੱਠਾ ਹੋਇਆ ਸ਼ਗਨ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਲਈ ਦੇ ਦਿੱਤਾ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਬਹਾਦਰ ਸਿੰਘ ਧੂਰੀ ਦੇ ਪੁੱਤਰ ਮਹਿਕਦੀਪ ਸਿੰਘ ਦਾ ਵਿਆਹ ਰੁਪਿੰਦਰ ਕੌਰ ਪੁੱਤਰੀ ਰਣਧੀਰ ਸਿੰਘ ਵਾਸੀ ਉਭਾਵਾਲ ਨਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ਗਨ ਰੋਕਣ ਦੇ ਬਾਵਜੂਦ ਜੋ ਵੀ ਸ਼ਗਨ ਦੇ ਰੂਪ ਵਿੱਚ 19520/-ਰੁਪਏ ਦੀ ਰਾਸ਼ੀ ਇਕੱਠੀ ਹੋਈ, ਉਹ ਸ਼ਗਨ ਰਾਸ਼ੀ ਵੀ ਬਹਾਦਰ ਸਿੰਘ ਦੇ ਪਰਿਵਾਰ ਵਲੋਂ ਕਿਸਾਨੀ ਸੰਘਰਸ਼ ਨੂੰ ਦੇਣ ਲਈ ਡੀਟੀਐੱਫ ਦੀ ਜ਼ਿਲ੍ਹਾ ਇਕਾਈ ਨੂੰ ਸੌਂਪ ਦਿੱਤੀ ਹੈ। ਜ਼ਿਲ੍ਹਾ ਪ੍ਰੈਸ ਸਕੱਤਰ ਦਾਤਾ ਸਿੰਘ ਨਮੋਲ ਨੇ ਕਿਹਾ ਕਿ ਇਸ ਲੋਕੀ ਪੱਖੀ ਫੈਸਲੇ ਦੀ ਡੀਟੀਐਫ਼ ਦੀ ਸਮੁੱਚੀ ਕਮੇਟੀ ਸ਼ਲਾਘਾ ਕਰਦੀ ਹੈ।