ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਈ
ਇੱਥੇ ਉਭਾਵਾਲ ਰੋਡ ’ਤੇ ਰੇਲਵੇ ਫਾਟਕ ਨੇੜੇ ਖੁੱਲ੍ਹੇ ਗੁਦਾਮ ਵਿੱਚ ਕਣਕ ਦਾ ਭੰਡਾਰ ਲਗਾਉਣ ਦਾ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਲਟਕ ਰਿਹਾ ਮਾਮਲਾ ਅਜੇ ਵੀ ਕਿਸੇ ਤਣ-ਪੱਤਣ ਨਹੀਂ ਲੱਗਿਆ। ਰਿਹਾਇਸ਼ੀ ਕਲੋਨੀ ਦੇ ਵਸਨੀਕ ਖੁੱਲ੍ਹੇ ਗੁਦਾਮ ’ਚ ਕਣਕ ਭੰਡਾਰ ਕਰਨ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਅੱਜ ਜਿਉਂ ਹੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਕਣਕ ਦੇ ਭਰੇ ਦਰਜਨਾਂ ਟਰੱਕ ਲੈ ਕੇ ਖੁੱਲ੍ਹੇ ’ਚ ਭੰਡਾਰ ਕਰਨ ਪੁੱਜੇ ਤਾਂ ਲੋਕ ਤੁਰੰਤ ਇਕੱਠੇ ਹੋ ਗਏ ਜਿਨ੍ਹਾਂ ਨੇ ਸੰਗਰੂਰ-ਉਭਾਵਾਲ ਲਿੰਕ ਸੜਕ ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਟਰੱਕਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ। ਰੋਹ ਵਿੱਚ ਆਏ ਕਲੋਨੀ ਦੇ ਲੋਕ ਸੜਕ ਉਪਰ ਲੰਮੇ ਪੈ ਗਏ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਟਰੱਕ ਨਹੀਂ ਲੰਘਣ ਦੇਣਗੇ। ਇਸ ਮਾਮਲੇ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣ ਗਿਆ ਸੀ। ਮੌਕੇ ’ਤੇ ਡੀਐਸਪੀ ਹੰਸ ਰਾਜ ਭਾਰੀ ਪੁਲੀਸ ਫੋਰਸ ਲੈ ਕੇ ਪੁੱਜ ਗਏ ਸਨ।
ਭਾਵੇਂ ਪਿਛਲੇ ਕਰੀਬ ਦੋ ਹਫਤਿਆਂ ਦੌਰਾਨ ਵਿਭਾਗ ਵੱਲੋਂ ਦੋ ਵਾਰ ਕਣਕ ਭੰਡਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵੇਂ ਵਾਰ ਲੋਕਾਂ ਦੇ ਵਿਰੋਧ ਕਾਰਨ ਸਫਲਤਾ ਨਹੀਂ ਮਿਲੀ। ਦੋਵੇਂ ਵਾਰ ਲੋਕਾਂ ਨੇ ਧਰਨਾ ਦਿੰਦਿਆਂ ਆਵਾਜਾਈ ਠੱਪ ਕਰਕੇ ਟਰੱਕ ਅੱਗੇ ਨਹੀਂ ਜਾਣ ਦਿੱਤੇ ਸਨ। ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੌਕੇ ’ਤੇ ਪੁੱਜ ਕੇ ਲੋਕਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿਵਾਇਆ ਸੀ ਕਿ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਜਲਦ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਮਸਲੇ ਦਾ ਹੱਲ ਨਹੀਂ ਹੋਇਆ ਹੈ।
ਧਰਨੇ ਦੌਰਾਨ ਖੁੱਲ੍ਹੇ ਗੁਦਾਮ ਨੇੜੇ ਦੀਆਂ ਕਲੋਨੀਆਂ ਦੇ ਵਸਨੀਕਾਂ ਸੱਜਣ ਰਾਮ, ਵਿੱਕੀ, ਮੁਕੇਸ਼ ਕੁਮਾਰ, ਮੰਗਾ ਰਾਮ, ਮਿੱਠੂ ਸਿੰਘ, ਰਵੀ ਕੁਮਾਰ, ਵਿਕਰਮ ਕੁਮਾਰ, ਸੋਨਾ, ਬਿਮਲਾ ਅਤੇ ਰਾਣੀ ਨੇ ਕਿਹਾ ਕਿ ਖੁੱਲ੍ਹੇ ’ਚ ਕਣਕ ਭੰਡਾਰ ਕਰਨ ਨਾਲ ਉਭਾਵਾਲ ਰੋਡ ’ਤੇ ਸਥਿਤ ਹਨੂੰਮਾਨ ਬਸਤੀ, ਸ਼ਕੀਲ ਬਸਤੀ, ਬੀਬੀਐੱਮਬੀ ਕਲੋਨੀ, ਗੰਗਾ ਰਾਮ ਬਸਤੀ, ਅਜੀਤ ਨਗਰ, ਗਰੇਵਾਲ ਕਲੋਨੀ ਆਦਿ ਬਸਤੀਆਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਵੱਡੀ ਤਾਦਾਦ ’ਚ ਸੁੱਸਰੀ ਪੈਦਾ ਹੁੰਦੀ ਹੈ ਅਤੇ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖੁੱਲ੍ਹੇ ਵਿਚ ਕਣਕ ਦੇ ਭੰਡਾਰ ਨਾ ਲਗਾਏ ਜਾਣ ਅਤੇ ਮੁਕੰਮਲ ਤੌਰ ’ਤੇ ਇੱਥੋਂ ਓਪਨ ਪਲੰਥ ਬੰਦ ਕੀਤਾ ਜਾਵੇ। ਲੋਕਾਂ ਦੇ ਵਿਰੋਧ ਕਾਰਨ ਭਾਵੇਂ ਵਿਭਾਗ ਵੱਲੋਂ ਕਣਕ ਦੇ ਟਰੱਕ ਫਿਲਹਾਲ ਐੱਫਸੀਆਈ ਦੇ ਗੁਦਾਮਾਂ ਵਿੱਚ ਅਣਲੋਡ ਕਰਵਾ ਦਿੱਤੇ ਹਨ ਪਰੰਤੂ ਹਾਲੇ ਕੋਈ ਪੱਕਾ ਹੱਲ ਨਹੀਂ ਹੋਇਆ।