ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੂਨ
ਇੱਥੇ ਇੱਕ ਹਫ਼ਤਾ ਪਹਿਲਾਂ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਦੇ ਲੜਕੇ ਰਾਜਵੀਰ ਸਿੰਘ ’ਤੇ ਹਮਲਾ ਕਰਨ ਅਤੇ ਘਟਨਾ ਤੋਂ ਕੁੱਝ ਸਮਾਂ ਬਾਅਦ ਮਨਜੀਤ ਸਿੰਘ ਘਰਾਚੋਂ ਤੇ ਹੋਰਨਾਂ ਵਲੋਂ ਦੋ ਕਥਿਤ ਹਮਲਾਵਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਭਖ ਗਿਆ ਹੈ। ਭਾਵੇਂ ਕਿ ਥਾਣਾ ਸਦਰ ਪੁਲੀਸ ਵਲੋਂ ਰਾਜਵੀਰ ’ਤੇ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਤੇ ਹੋਰਾਂ ਖ਼ਿਲਾਫ਼ ਇਰਾਦਾ ਕਤਲ ਸਣੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ।
ਦੂਜੇ ਪਾਸੇ ਕਥਿਤ ਹਮਲਾਵਰ ਦੋ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਤੇ ਹੋਰਾਂ ਖ਼ਿਲਾਫ਼ ਐਸ.ਸੀ/ਐਸ.ਟੀ.ਐਕਟ ਸਣੇ ਵੱਖ-ਵੱਖ ਧਰਾਵਾਂ ਤਹਿਤ ਕਰਾਸ ਕੇਸ ਵੀ ਦਰਜ ਕਰ ਲਿਆ ਸੀ। ਪਰ ਅੱਜ ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਕਥਿਤ ਹਮਲਾਵਰ ਦੋ ਨੌਜਵਾਨਾਂ ਦੀ ਕਿਸਾਨ ਆਗੂ ਤੇ ਹੋਰਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਲੋਕਾਂ ਵਲੋਂ ਬਸਪਾ ਦੀ ਅਗਵਾਈ ਹੇਠ ਡੀਐੱਸਪੀ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਮਨਜੀਤ ਸਿੰਘ ਤੇ ਹੋਰਾਂ ਖ਼ਿਲਾਫ਼ ਦਰਜ ਕੀਤੇ ਕੇਸ ਵਿਚ ਧਾਰਾ 307 ਦਾ ਵਾਧਾ ਕੀਤਾ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਦੱਸਿਆ ਕਿ ਬੀਤੀ 6 ਜੂਨ ਨੂੰ ਕੁੱਝ ਨੌਜਵਾਨਾਂ ਦੇ ਲੜਾਈ ਝਗੜੇ ਤੋਂ ਬਾਅਦ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਤੇ ਹੋਰਾਂ ਵਲੋਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜੋ ਕਿ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਹਨ। ਇਨ੍ਹਾਂ ਵਿਚੋਂ ਅਮਨ ਸਿੰਘ ਪਿੰਡ ਬਾਲੀਆਂ ਦੇ ਸਿਰ ਵਿਚ ਪੰਜ ਟਾਂਕੇ ਲੱਗੇ ਹਨ, ਲੱਤ ਅਤੇ ਬਾਂਹ ਤੋੜ ਦਿੱਤੀ। ਹਰਜੀਤ ਸਿੰਘ ਵਾਸੀ ਚੱਠੇ ਸੇਖਵਾਂ ਜੋ ਕਿ ਭਾਈ ਗੁਰਦਾਸ ਕਾਲਜ ਦਾ ਵਿਦਿਆਰਥੀ ਹੈ, ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ। ਕਿਸਾਨ ਆਗੂ ਤੇ ਹੋਰਾਂ ਵਲੋਂ ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਅੱਜ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਤੇ ਲੋਕਾਂ ਵਲੋਂ ਬਸਪਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। ਡੀਐੱਸਪੀ (ਆਰ) ਸੰਗਰੂਰ ਨੂੰ ਕੁੱਟਮਾਰ ਦੀਆਂ ਵੀਡੀਓਜ਼ ਵਿਖਾਈਆਂ ਗਈਆਂ ਅਤੇ ਮੰਗ ਕੀਤੀ ਕਿ ਮਨਜੀਤ ਸਿੰਘ ਤੇ ਹੋਰਾਂ ਖ਼ਿਲਾਫ਼ ਦਰਜ ਕੇਸ ਵਿਚ ਧਾਰਾ 307 ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਡੀਐੱਸਪੀ ਵਲੋਂ 17 ਜੂਨ ਤੱਕ ਕੇਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 17 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਦੌਰਾਨ ਬਸਪਾ ਆਗੂ ਸੂਬੇਦਾਰ ਰਣਧੀਰ ਸਿੰਘ ਨਾਗਰਾ, ਸਤਿਗੁਰ ਸਿੰਘ ਕੌਹਰੀਆਂ, ਮਿੱਠਾ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਮੱਟੂ, ਦਰਸ਼ਨ ਕਾਂਗੜਾ ਸਾਬਕਾ ਐਮ.ਸੀ, ਵਿੱਕੀ ਪਰੋਚਾ, ਦਰਸ਼ਨ ਸਿੰਘ, ਬਲਵੀਰ ਸਿੰਘ ਕਾਲਾਝਾੜ ਆਦਿ ਅਨੇਕਾਂ ਆਗੂ ਮੌਜੂਦ ਸਨ।
ਥਾਣਾ ਸਦਰ ਪੁਲੀਸ ਦੇ ਐੱਸਐੱਚਓ ਬਲਵੰਤ ਸਿੰਘ ਨੇ ਦੋਵਾਂ ਧਿਰਾਂ ’ਤੇ ਕਰਾਸ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਡੀੱਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਜੋ ਵੀ ਕਾਰਵਾਈ ਬਣਦੀ ਹੋਈ ਕਾਨੂੰਨ ਅਨੁਸਾਰ ਕੀਤੀ ਜਾਵੇਗੀ।