ਬੀਰਬਲ ਰਿਸ਼ੀ
ਸ਼ੇਰਪੁਰ, 27 ਅਪਰੈਲ
ਇੱਥੇ ‘ਪੁਲੀਸ ਅਧਿਕਾਰੀ’ ਦੱਸਕੇ ਕਥਿਤ ਤੌਰ ’ਤੇ ਰੋਹਬ ਮਾਰਨ ਵਾਲੇ ਨੌਜਵਾਨਾਂ ਦੀ ਗੱਡੀ ਨੂੰ ਲੋਕਾਂ ਨੇ ਘੇਰ ਲਿਆ। ਜਾਣਕਾਰੀ ਮੁਤਾਬਕ ਬੀਤੀ ਰਾਤ ਸ਼ੇਰਪੁਰ ਦੇ ਇੱਕ ਦਲਿਤ ਮੁਹੱਲੇ ਵਾਲੇ ਮੋੜ ’ਤੇ ਲੋਕਾਂ ਨੇ ਉਸ ਸਮੇਂ ਇੱਕ ਲਗਜ਼ਰੀ ਗੱਡੀ ਘੇਰ ਲਈ ਜਦੋਂ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ‘ਪੁਲੀਸ ਅਧਿਕਾਰੀ’ ਵਜੋਂ ਆਪਣੀ ਜਾਣ-ਪਹਿਚਾਣ ਕਰਵਾਉਂਦਿਆਂ ਕੁੱਝ ਲੋਕਾਂ ’ਤੇ ਬੇਵਜ੍ਹਾ ਰੋਹਬ ਝਾੜਿਆ। ਲੋਕਾਂ ਨੇ ਐੱਸਐੱਚਓ ਸੁਖਵਿੰਦਰ ਕੌਰ ਨੂੰ ਫੋਨ ’ਤੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਅਤੇ ਥੋੜ੍ਹੇ ਸਮੇਂ ਵਿੱਚ ਮੌਕੇ ’ਤੇ ਪੁਲੀਸ ਦੀ ਟੀਮ ਪਹੁੰਚ ਗਈ। ਪੁਲੀਸ ਦੀ ਦੋ ਮੈਂਬਰੀ ਟੀਮ ’ਚੋਂ ਇੱਕ ਨੇ ਪਹੁੰਚਦਿਆਂ ਹੀ ਗੱਡੀ ਲੋਕਾਂ ਦੇ ਘੇਰੇ ’ਚੋਂ ਕੱਢ ਲਈ ਪਰ ਲੋਕਾਂ ਵੱਲੋਂ ਨਾਅਰੇਬਾਜ਼ੀ ਤੇ ਤਿੱਖਾ ਵਿਰੋਧ ਕਰਨ ’ਤੇ ਗੱਡੀ ਮੁੜ ਉਸੇ ਥਾਂ ਲਿਆਉਣੀ ਪਈ। ਐੱਸਐੱਚਓ ਸੁਖਵਿੰਦਰ ਕੌਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲੀ। ਸ਼ੇਰਪੁਰ ਪੁਲੀਸ ਨੇ ਅੱਜ ਦਿਨ ਸਮੇਂ ਸਬੰਧਤ ਨੂੰ ‘ਕਲੀਨ ਚਿੱਟ’ ਦੇ ਕੇ ਛੱਡ ਦਿੱਤਾ ਹੈ ਜਿਸ ਤੋਂ ਲੋਕ ਹੈਰਾਨ ਹਨ। ਐੱਸਐੱਚਓ ਸੁਖਵਿੰਦਰ ਕੌਰ ਨੇ ਦੱਸਿਆ ਕਿ ਭਾਵੇਂ ਲੋਕਾਂ ਨੇ ਗੱਡੀ ਘੇਰਨ ਵਾਲਿਆਂ ’ਤੇ ਪੁਲੀਸ ਅਧਿਕਾਰੀ ਦੱਸਕੇ ਤਲਾਸ਼ੀ ਲੈਣ ਸਮੇਤ ਕਈ ਦੋਸ਼ ਲਾਏ ਸਨ ਪਰ ਪੜਤਾਲ ਦੌਰਾਨ ਸ਼ਿਕਾਇਤਕਰਤਾ ਪਿਛਲੇ ਬਿਆਨ ’ਤੇ ਕਾਇਮ ਨਹੀਂ ਰਹੇ। ਉਂਜ, ਨੌਜਵਾਨਾਂ ਦਾ ਵੀ ਮਾੜਾ ਰਿਕਾਰਡ ਨਹੀਂ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ’ਚ ਸਮਝੌਤਾ ਹੋਇਆ ਹੈ ਜਿਸ ਵਿੱਚ ਸ਼ਿਕਾਇਤਕਰਤਾਵਾਂ ਨੇ ਕਾਰਵਾਈ ਨਾ ਕਰਵਾਏ ਜਾਣ ਲਈ ਕਿਹਾ ਹੈ।