ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਫਰਵਰੀ
ਸੰਗਰੂਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਚੋਣ ਮੀਟਿੰਗਾਂ ਦਾ ਦੌਰ ਜਾਰੀ ਹੈ। ਸਥਾਨਕ ਰਵਿਦਾਸ ਨਗਰ ਵਿੱਚ ਹੋਏ ਚੋਣ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਉਸ ਦੇ ਵਿਕਾਸ ਕਾਰਜਾਂ ਉੱਪਰ ਮੋਹਰ ਲਗਾ ਕੇ ਉਸ ਦੇ ਹੱਕ ਵਿੱਚ ਫਤਵਾ ਦੇਣਗੇ।
ਉਨ੍ਹਾਂ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਉਨ੍ਹਾਂ ਨੇ ਆਪਣਾ ਮੁਢਲਾ ਫ਼ਰਜ਼ ਸਮਝਿਆ ਹੈ ਜਿਸ ਤਹਿਤ ਇਲਾਕੇ ਵਿੱਚ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਨੇੜਲੇ ਪਿੰਡ ਦੇਹ ਕਲਾਂ ਵਿੱਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਲਾਕੇ ਵਿੱਚ ਤਿੰਨ ਦਹਾਕਿਆਂ ਬਾਅਦ ਕੋਈ ਵੱਡੀ ਫੈਕਟਰੀ ਆਈ ਹੈ।