ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 2 ਅਪਰੈਲ
ਉੱਭਾਵਾਲ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਲੋਕਾਂ ਦੇ ਏਕੇ ਨੇ ਸਰਾਬ ਦੇ ਖੋਲੇ ਹੋਏ ਦੋਨੋਂ ਠੇਕਿਆਂ ਨੂੰ ਪਿੰਡ ਵਿਚੋਂ ਚੁੱਕਵਾਕੇ ਵੱਡੇ ਪੱਧਰ ਤੇ ਲੋਕਾਂ ਨੇ ਏਕੇ ਦਾ ਸਬੂਤ ਦੇ ਕੇ ਆਲੇ ਦੁਆਲੇ ਦੇ ਪਿੰਡਾਂ ਵਿਚ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਗੁਰਮੇਲ ਸਿੰਘ, ਲੱਖੀ ਸਿੰਘ, ਕੁਲਵੀਰ ਸਿੰਘ, ਕ੍ਰਿਸ਼ਨ ਚੰਦ ਮਾਮਾ, ਨਿਰਭੈ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ, ਛਿੰਦਰਪਾਲ ਸਿੰਘ, ਭੋਲਾ ਸਿੰਘ ਬੈਟਰਾ, ਨਿਰਭੈ ਸਿੰਘ, ਜਸਪ੍ਰੀਤ ਕੌਰ, ਗੁਰਮੀਤ ਕੌਰ, ਨਾਜ਼ਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਚਾਇਤ ਵੱਲੋਂ ਪਿੰਡ ਦੇ ਲੋਕਾਂ ਦੀ ਸਹਿਮਤੀ ਨਾਲ ਮਤਾ ਪਾਸ ਕਰਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਕਿ ਠੇਕੇ ਪਿੰਡ ਤੋਂ ਡੇਢ ਦੋ ਕਿਲੋਮੀਟਰ ਬਾਹਰ ਕੱਢੇ ਜਾਣ। ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਅਖੀਰ ਨੂੰ ਠੇਕੇਦਾਰ ਵੱਲੋਂ ਠੇਕੇ ਧੱਕੇ ਨਾਲ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਕੱਠੇ ਹੋਕੇ ਠੇਕੇ ਅੱਗੇ ਠੇਕੇਦਾਰ ਵਿਰੁੱਧ ਲਗਾਤਾਰ ਧਰਨਾ ਦਿੱਤਾ। ਤਿੰਨ ਦਿਨ ਧਰਨਾ ਦੇਣ ਉਪਰੰਤ ਠੇਕੇਦਾਰ ਵੱਲੋਂ ਠੇਕੇ ਵਾਲੀਆਂ ਦੁਕਾਨਾਂ ਖਾਲੀ ਕਰਵਾ ਕੇ ਸਮੂਹ ਪਿੰਡ ਵਾਸੀਆਂ ਨੇ ਆਪਣੇ ਸੰਘਰਸ਼ ਦੀ ਜਿੱਤ ਕਰਾਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਅਤੇ ਸਾਰੇ ਨਗਰ ਦੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਕੋਈ ਵੀ ਵਿਅਕਤੀ ਪਿੰਡ ਵਿੱਚ ਠੇਕੇ ਵਾਸਤੇ ਜਗ੍ਹਾ ਦੇਵੇਗਾ ਅਤੇ ਸ਼ਰਾਬ ਵੇਚਦਾ ਫੜਿਆ ਗਿਆ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।