ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਫਰਵਰੀ
ਕਾਂਗਰਸੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੀ ਚੋਣ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕਿਹਾ ਕਿ ਹਲਕੇ ਨਾਲ ਉਨ੍ਹਾਂ ਦੀ ਸਿਆਸੀ ਨਹੀਂ ਪਰਿਵਾਰਕ ਸਾਂਝ ਹੈ, ਇਸ ਲਈ ਭੱਠਲ ਪਰਿਵਾਰ ਲਈ ਸਿਆਸੀ ਨਹੀਂ, ਬਲਕਿ ਹਲਕੇ ਦੇ ਲੋਕਾਂ ਦਾ ਪਿਆਰ ਅਤੇ ਸਹਿਯੋਗ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਜੋ ਵੀ ਵਿਕਾਸ ਕੰਮ ਹੋਏ ਹਨ, ਉਹ ਸਿਰਫ਼ ਤੇ ਸਿਰਫ਼ ਕਾਂਗਰਸ ਦੇ ਰਾਜ ਸਮੇਂ ਹੋਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਚੱਡਾ ਜਿਹੇ ਆਗੂਆਂ ਨੂੰ ਪੰਜਾਬੀ ਸੱਭਿਆਚਾਰ ਦੀ ਜਾਣਕਾਰੀ ਨਹੀਂ ਤੇ ਬਾਦਲ ਦਲ ਤੇ ਬਸਪਾ ਵਾਲਿਆਂ ਦਾ ਸਿਆਸੀ ਨਹੀਂ ਬਲਕਿ ਖੁਦਗਰਜ਼ੀ ਦਾ ਗੱਠਜੋੜ ਹੈ। ਕੈਪਟਨ, ਢੀਂਡਸਾ ਤੇ ਭਾਜਪਾ ਵਾਲੇ ਸੂਬੇ ਅੰਦਰ ਆਪਣੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਪਰ ਸੂਝਵਾਨ ਵੋਟਰ ਇਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ।
ਕਾਂਗਰਸ ਵਿਕਾਸ ਤੇ ਵਿਰੋਧੀ ਵਿਨਾਸ਼ ਕਰਦੇ ਨੇ: ਸਿੱਧੂ
ਲਹਿਰਾਗਾਗਾ: ਬੀਬੀ ਭੱਠਲ ਦੇ ਪੁੱਤਰ ਤੇ ਪੀਪੀਸੀ ਮੀਡੀਆ ਸਲਾਹਕਾਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੇ ਕਿ ਕੇਂਦਰ ਵਿੱਚ ਜਦੋਂ ਤੋਂ ਭਾਜਪਾ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਦਿਨ ਤੋਂ ਹੀ ਦੇਸ਼ ਦਾ ਹਰ ਵਰਗ ਦੁਖੀ ਤੇ ਪ੍ਰੇਸ਼ਾਨ ਹੈ ਤੇ ਲੋਕ ਵਿਰੋਧੀ ਫ਼ੈਸਲਿਆਂ ਦਾ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਆਪਣੀ ਮਾਤਾ ਬੀਬੀ ਭੱਠਲ ਲਈ ਵੋਟਾਂ ਮੰਗਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਅਤੇ ਪੰਜਾਬ ਦੇ ਵਿਕਾਸ, ਅਮਨ ਸ਼ਾਂਤੀ ਤੇ ਖੁਸ਼ਹਾਲੀ ਦੀ ਗੱਲ ਕੀਤੀ ਹੈ, ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਵਿਨਾਸ਼ ਕੀਤਾ ਹੈ। – ਪੱਤਰ ਪ੍ਰੇਰਕ