ਬੀਰਬਲ ਰਿਸ਼ੀ
ਸ਼ੇਰਪੁਰ, 20 ਅਗਸਤ
ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 2022 ਦੇ ਮੱਦੇਨਜ਼ਰ ਬਿਜਲੀ ਪਾਣੀ ਮੁਫ਼ਤ ਸਮੇਤ ਅਨੇਕਾਂ ਵਾਅਦੇ ਕਰਨ ਵਾਲੀਆਂ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਦੇ ਅਸਲ ਮੁੱਦਿਆਂ ਤੋਂ ਮੂੰਹ ਫੇਰੀ ਬੈਠੀਆਂ ਹਨ ਜਦੋਂ ਕਿ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਬੇਅਦਬੀਆਂ ਸਮੇਤ ਭਖ਼ਦੇ ਮੁੱਦਿਆਂ ਨੂੰ ਲੋਕਾਂ ਵਿੱਚ ਲੈ ਕੇ ਜਾਵੇਗੀ। ਸ੍ਰੀ ‘ਮਾਨ’ ਪਿੰਡ ਕਾਲਾਬੂਲਾ ਵਿੱਚ ਪਾਰਟੀ ਦੇ ਮਰਹੂਮ ਐਸਜੀਪੀਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਭਰਾ ਬਲਵਿੰਦਰ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕਰਨ ਅਤੇ ਪਾਰਟੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਗਾਮੀ ਚੋਣ ਸਬੰਧੀ ਉਨ੍ਹਾਂ ਕਿਹਾ ਪੰਜਾਬ ਦੇ ਹਰ ਉਸ ਵਿਧਾਨ ਸਭਾ ਹਲਕੇ ਤੋਂ ਪਾਰਟੀ ਚੋਣ ਲੜੇਗੀ ਜਿੱਥੋਂ ਦੇ ਆਗੂ ਵਰਕਰਾਂ ਨੇ ਬੂਥ ਲੇਵਲ ਤੱਕ ਆਪਣੀ ਇਕਾਈਆਂ ਬਣਾਈਆ ਹੋਣਗੀਆਂ। ਉਨ੍ਹਾਂ ਚੀਨ, ਅਫਗਾਨਿਸਤਾਨ ਤੇ ਹੋਰ ਥਾਵਾਂ ਦੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਦਿਆਂ ਕੇਂਦਰ ਦੀਆਂ ਏਜੰਸੀਆਂ ਨੂੰ ਬੁਰੀ ਤਰਾਂ ਫੇਲ੍ਹ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਯੂਥ ਵਿੰਗ ਦੇ ਪ੍ਰਮੁੱਖ ਆਗੂ ਹਰਬੰਸ ਸਿੰਘ ਸਲੇਮਪੁਰ, ਪਾਰਟੀ ਦੇ ਸੂਬਾਈ ਆਗੂ ਨਰਿੰਦਰ ਸਿੰਘ ਕਾਲਾਬੂਲਾ, ਗੁਰਨੈਬ ਸਿੰਘ ਰਾਮਪੁਰ, ਸਾਬਕਾ ਸਰਕਲ ਪ੍ਰਧਾਨ ਅਮਰਜੀਤ ਸਿੰਘ ਬਾਦਸ਼ਾਹਪੁਰ, ਇਸਤਰੀ ਵਿੰਗ ਦੀ ਆਗੂ ਬੀਬੀ ਜਸਪਾਲ ਕੌਰ ਘਨੌਰੀ ਆਦਿ ਹਾਜ਼ਰ ਸਨ।
ਅਮ੍ਰਿਤਸਰ ਵਿੱਚ ਪ੍ਰਦਰਸ਼ਨ 18 ਸਤੰਬਰ ਨੂੰ
ਇਸ ਮੌਕੇ ਪਾਰਟੀ ਪ੍ਰਧਾਨ ਸ੍ਰੀ ਮਾਨ ਨੇ ਕਿਹਾ ਕਿ 18 ਸਤੰਬਰ ਨੂੰ ਐਸਜੀਪੀਸੀ ਦੀ ਚੋਣ ਕਰਵਾਇਆ 10 ਸਾਲ ਹੋ ਜਾਣਗੇ ਅਤੇ ਸਿੱਖਾਂ ਨਾਲ ਇਸ ਜਿਆਦਤੀ ਵਿਰੁੱਧ 18 ਸਤੰਬਰ ਨੂੰ ਅਮ੍ਰਿਤਸਰ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ।