ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੁਲਾਈ
ਇੱਥੋਂ ਨੇੜਲੇ ਪਿੰਡ ਸਕਰੌਦੀ ਵਿੱਚ ਘਰਾਂ ਦੀ ਬਿਜਲੀ ਸਪਲਾਈ ਘੱਟ ਹੋਣ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਸਕਰਨ ਸਿੰਘ, ਮਨਿੰਦਰ ਸਿੰਘ, ਕੁਲਜੀਤ ਸਿੰਘ, ਜਸਪਾਲ ਸਿੰਘ, ਗਨੀ ਖਾਨ, ਰਣਧੀਰ ਸਿੰਘ, ਜਤਿੰਦਰ ਸਿੰਘ, ਲਾਲਵਿੰਦਰ ਸਿੰਘ ਅਤੇ ਨਜੀਰ ਖਾਨ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਘਰਾਂ ਦੀ ਬਿਜਲੀ ਸਪਲਾਈ ਬਹੁਤ ਘੱਟ ਵੋਲਟੇਜਜ ਨਾਲ ਹੁੰਦੀ ਹੈ, ਜਿਸ ਨਾਲ ਘਰਾਂ ਵਿੱਚ ਲੱਗੇ ਪੱਖੇ, ਕੂਲਰ ਅਤੇ ਏਸੀ ਵਗੈਰਾ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਪਾਵਰਕੌਮ ਦੇ ਅਧਿਕਾਰੀਆਂ ਤੋਂ ਵੱਡਾ ਟਰਾਂਸਫਾਰਮਰ ਲਾਉਣ ਦੀ ਮੰਗ ਕੀਤੀ ਹੈ, ਪਰ ਮਹਿਕਮੇ ਵੱਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਵਾਸੀਆਂ ਵੱਲੋਂ ਪ੍ਰੇਸ਼ਾਨ ਹੋ ਕੇ ਮਹਿਕਮੇ ਦੀ ਟਾਲ ਮਟੋਲ ਦੀ ਨੀਤੀ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਦੂਜੇ ਪਾਸੇ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸਮੱਸਿਆ ਜਲਦੀ ਹੱਲ ਕਰ ਦਿੱਤੀ ਜਾਵੇਗੀ।